ਪੱਤਰ ਪ੍ਰੇਰਕ
ਪਟਿਆਲਾ, 21 ਜੂਨ
ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਗ੍ਰਾਂਟ ਨਾ ਜਾਰੀ ਕਰਨ ਦੇ ਰੋਸ ਵਜੋਂ ਜੁਆਇੰਟ ਫੋਰਮ ਆਫ਼ ਇਲੈਕਟਡ ਯੂਨੀਅਨਜ਼ ਨੇ ਮੋਮਬੱਤੀ ਮਾਰਚ ਕਰਕੇ ਪ੍ਰਦਰਸ਼ਨ ਕੀਤਾ। ਇਸ ਸਾਂਝੇ ਪ੍ਰਦਰਸ਼ਨ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀ ਯੂਨੀਅਨਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੇ ਸਕੱਤਰ ਸੁਖਜਿੰਦਰ ਬੁੱਟਰ ਦੇ ਮੰਚ ਸੰਚਾਲਨ ਤਹਿਤ ਯੂਨੀਅਨ ਦੇ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ। ਆਗੂਆਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਨਵੀਂ ਮਾਨ ਸਰਕਾਰ ਤੋਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਬਹੁਤ ਉਮੀਦਾਂ ਸਨ, ਪਰ ਸਰਕਾਰ ਨੇ ਵੀ ਯੂਨੀਵਰਸਿਟੀ ਅਣਗੌਲੀ ਕਰ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਮਾੜੀ ਵਿੱਤੀ ਹਾਲਤ ਚੱਲਦਿਆਂ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਤਨਖ਼ਾਹਾਂ ਲਈ ਹਰੇਕ ਮਹੀਨੇ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਮੰਚ ਤੋਂ ਬੋਲਦਿਆਂ ਏ ਅਤੇ ਬੀ ਕਲਾਸ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਬਰਾੜ ਨੇ ਕਿਹਾ ਭਾਵੇਂ ਨਵੀਂ ਸਰਕਾਰ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਦੇ ਮੁੱਦੇ ਨੂੰ ਮੁੱਖ ਤੌਰ ਉੱਤੇ ਉਭਾਰ ਕੇ ਬਣੀ ਹੈ ਪਰ ਉੱਚ ਸਿੱਖਿਆ ਮੰਤਰੀ ਦਾ ਹਾਲੇ ਤੱਕ ਯੂਨੀਵਰਸਿਟੀ ਬਾਰੇ ਅਜਿਹਾ ਕਦਮ ਨਹੀਂ ਦੇਖਿਆ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਕਰਜਾਮੁਕਤ ਕੀਤਾ ਜਾ ਸਕੇ। ਪੂਟਾ ਦੇ ਸਕੱਤਰ ਸੁਖਜਿੰਦਰ ਬੁੱਟਰ ਕਿਹਾ ਕਿ ਪੰਜਾਬ ਸਰਕਾਰ 150 ਕਰੋੜ ਦੇ ਕਰਜ਼ੇ ਨੂੰ ਟੇਕ ਓਵਰ ਕਰਕੇ 500 ਕਰੋੜ ਦੀ ਯਕਮੁਸ਼ਤ ਰਾਸ਼ੀ ਜਾਰੀ ਕਰੇ ਅਤੇ ਮਹੀਨੇਵਾਰ ਗ੍ਰਾਂਟ ਵਿੱਚ ਵਾਧਾ ਕਰੇ । ਵਿਦਿਆਰਥੀ ਯੂਨੀਅਨ ਐੱਸਐੱਫਆਈ ਦੇ ਆਗੂ ਅੰਮ੍ਰਿਤਪਾਲ ਸਿੰਘ ਡੈਮੋਕ੍ਰੇਟਿਕ ਸਟੂਡੈਂਟ ਯੂਨੀਅਨ ਦੇ ਆਗੂ ਬਲਕਾਰ ਸਿੰਘ,ਪੂਟਾ ਦੇ ਕਾਰਜਕਾਰੀ ਮੈਂਬਰ ਡਾ. ਗੁਲਸ਼ਨ ਬਾਂਸਲ ਨੇ ਵੀ ਸਰਕਾਰ ਤੋਂ ਯੂਨੀਵਰਸਿਟੀ ਲਈ ਗਰਾਂਟ ਦੀ ਮੰਗ ਕੀਤੀ।