ਅਸ਼ਵਨੀ ਗਰਗ
ਸਮਾਣਾ, 5 ਫਰਵਰੀ
14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਵਾਪਿਸੀ ਦੇ ਅੱਜ ਆਖਿਰੀ ਦਿਨ ਤਹਿਸੀਲ ਕੰਪਲੈਕਸ ’ਚ ਹੰਗਾਮਾ ਹੋਇਆ। ਚੋਣ ਲੜਨ ਜਾ ਰਹੇ ਉਮੀਦਵਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸੱਤਾਧਾਰੀ ਧਿਰ ’ਤੇ ਦਬਾਅ ਹੇਠ ਨਾਮਜ਼ਦਗੀਆਂ ਵਾਪਿਸੀ ਦਾ ਸਮਾਂ 3 ਵਜੇ ਤੱਕ ਹੋਣ ਦੇ ਬਾਵਜੂਦ ਨਾਜਾਇਜ਼ ਦਬਾਅ ਪਾ ਕੇ ਉਮੀਦਵਾਰਾਂ ਦੇ ਕਾਗਜ ਵਾਪਿਸ ਕਰਵਾਏ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਾਣਬੁੱਝ ਕੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ’ਚ ਦੇਰੀ ਕੀਤੀ ਜਾ ਰਹੀ ਹੈ। ਆਜ਼ਾਦ ਉਮੀਦਵਾਰ ਦੀਣੂ ਰਾਣੀ ਦੇ ਪਤੀ ਪ੍ਰਵੀਣ ਸ਼ਰਮਾ, ਆਜ਼ਾਦ ਉਮੀਦਵਾਰ ਰਜਿੰਦਰ ਸਿੰਗਲਾ ਉਰਫ਼ ਕੁੱਕੀ ,ਆਜ਼ਾਦ ਉਮੀਦਵਾਰ ਧਾਲੀਵਾਲ ਦਾ ਪਤੀ ਲਖਵਿੰਦਰ ਸਿੰਘ ਸਣੇ ਵੱਡੀ ਗਿਣਤੀ ਉਮੀਦਵਾਰਾਂ ਨੇ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸੱਤਾਧਾਰੀ ਪਾਰਟੀ ਦੇ ਲੀਡਰਾਂ ਦੇ ਦਬਾਅ ਹੇਠ 3 ਵਜੇ ਤੱਕ ਨਾਮਜ਼ਗਦੀਆਂ ਦੀ ਵਾਪਿਸੀ ਦੇ ਬਾਵਜੂਦ ਪੰਜ ਵਜੇ ਤੱਕ ਕਾਗਜ ਵਾਪਿਸ ਲਏ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਈ ਘੰਟੇ ਚੋਣ ਨਿਸ਼ਾਨ ਅਲਾਟ ਕਰਨ ਦੇ ਨਾਂ ’ਤੇ ਤਹਿਸੀਲ ’ਚ ਖੜਾਇਆ ਗਿਆ ਜਦੋਂਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਆਪਣੇ ਚੋਣ ਨਿਸ਼ਾਨ ਪਹਿਲਾਂ ਹੀ ਫਾਈਨਲ ਹੋਣ ਕਾਰਨ ਆਪਣਾ ਚੋਣ ਪ੍ਰਚਾਰ ਕਰਦੇ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ 7 ਵਜੇ ਜਾ ਕੇ ਚੋਣ ਅਲਾਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਤਿੰਨ ਵਜੇ ਤੱਕ ਬਹੁਤ ਘੱਟ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲਏ ਗਏ ਸਨ ਜਦੋਂ ਕਿ ਇਸ ਤੋਂ ਬਾਅਦ ਕਈ ਉਮੀਦਵਾਰਾਂ ਦੇ ਦਬਾਅ ਪਾ ਕੇ ਨਾਮਜ਼ਦਗੀ ਪੱਤਰ ਜਬਰੀ ਵਾਪਿਸ ਕਰਵਾਏ ਗਏ। ਅੱਜ 38 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਜਿਸ ਤੋਂ ਬਾਅਦ ਹੁਣ ਸਮਾਣਾ ਦੇ 21 ਵਾਰਡਾਂ ਲਈ ਚੋਣ ਮੈਦਾਨ ’ਚ 110 ਉਮੀਦਾਵਰ ਰਹਿ ਗਏ ਹਨ।
ਐੱਸਡੀਐੱਮ ਸਮਾਣਾ ਨਮਨ ਮੜਕਨ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ 3 ਵਜੇ ਤੱਕ ਕਾਗਜ਼ ਵਾਪਿਸੀ ਦਾ ਸਮਾਂ ਸੀ ਪਰ ਉਸ ਤੋਂ ਬਾਅਦ ਕਾਗਜ਼ਾਂ ਦੀ ਜਾਂਚ ਪੜਤਾਲ ਕਰਨ ਕਾਰਨ ਦੇਰੀ ਹੋਈ ਹੈ।