ਪਟਿਆਲਾ: ਜ਼ਿਲ੍ਹਾ ਪਟਿਆਲਾ ਅਧੀਨ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਖ-ਵੱਖ ਬਲਾਕ ਦਫ਼ਤਰਾਂ ਅਧੀਨ ਆਉਂਦੇ ਪਿੰਡਾਂ ਵਿੱਚ ਹੋਏ ਨਾਜਾਇਜ਼ ਕਬਜਿਆਂ ਸਬੰਧੀ ਜਾਰੀ ਕੀਤੇ ਗਏ ਕੁੱਲ 322 ਕਬਜ਼ਾ ਵਾਰੰਟਾਂ ਵਿੱਚੋਂ 101 ਕਬਜ਼ਾ ਵਾਰੰਟਾਂ ’ਤੇ ਕੀਤੀ ਗਈ ਕਾਰਵਾਈ ਦੌਰਾਨ 341 ਏਕੜ ਰਕਬੇ ਤੋਂ ਨਾਜਾਇਜ਼ ਕਬਜ਼ੇ ਹਟਵਾਏ ਗਏ ਹਨ ਜਦਕਿ ਕਈ ਪਰਿਵਾਰਾਂ ਵੱਲੋਂ 674 ਏਕੜ ਰਕਬਾ ਆਪਣੀ ਇੱਛਾ ਮੁਤਾਬਿਕ ਕਬਜ਼ਾ-ਮੁਕਤ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਕੁੱਲ 1015 ਏਕੜ ਰਕਬਾ ਨਾਜਾਇਜ਼ ਕਬਜ਼ਿਆਂ ਤੋਂ ਛੁਡਵਾ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਪਟਿਆਲਾ ਦੇ ਏਡੀਸੀ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪਟਿਆਲਾ ਜ਼ਿਲ੍ਹੇ ਅੰਦਰ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦੌਰਾਨ ਡੀਡੀਪੀਓ ਸੁਖਚੈਨ ਸਿੰਘ ਪਪੜਾ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚੋਂ ਛੁਡਾਏ ਗਏ 1015 ਏਕੜ ਰਕਬੇ ਵਿੱਚੋਂ 833 ਏਕੜ ਰਕਬਾ ਵਾਹੀਯੋਗ ਹੈ ਜਿਸ ਵਿੱਚੋਂ ਹੁਣ ਤੱਕ 763 ਏਕੜ 3 ਕਨਾਲ ਦੀ ਸਾਲ 2022-23 ਲਈ ਕਰਵਾਈ ਗਈ ਬੋਲੀ ਦੌਰਾਨ ਦੋ ਕਰੋੜ ਤੋਂ ਵੀ ਵੱਧ ਮਾਲੀਆ ਇਕੱਤਰ ਹੋਇਆ ਹੈ। – ਖੇਤਰੀ ਪ੍ਰਤੀਨਿਧ