ਪੱਤਰ ਪ੍ਰੇਰਕ
ਸੰਦੌੜ, 22 ਸਤੰਬਰ
ਗੁਰਦੁਆਰਾ ਸਿੰਘ ਸਭਾ ਸੰਦੌੜ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਅਹਿਮਦਗੜ੍ਹ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੇਰ ਸਿੰਘ ਮਹੋਲੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਲੋਕ ਮੋਰਚਾ ਪੰਜਾਬ ਦੇ ਸੂਬਾਈ ਆਗੂ ਸਤਨਾਮ ਸਿੰਘ ਦੀਵਾਨਾ ਸਮੇਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ 28 ਸਤੰਬਰ ਨੂੰ ਬਰਨਾਲਾ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੀ ਜਾ ਰਹੀ ਕਾਨਫਰੰਸ ਅਤੇ 27 ਸਤੰਬਰ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਲੋਕ ਮੋਰਚਾ ਪੰਜਾਬ ਦੇ ਆਗੂ ਸਤਨਾਮ ਸਿੰਘ ਦੀਵਾਨਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਉਹ ਵੱਡੇ ਕਾਫਲਿਆਂ ਦੇ ਰੂਪ ਵਿਚ 28 ਸਤੰਬਰ ਨੂੰ ਬਰਨਾਲਾ ਦੀ ਧਰਤੀ ’ਤੇ ਪੁੱਜ ਕੇ ਸਾਮਰਾਜੀ ਤਾਕਤਾਂ ਖਿਲਾਫ ਇਕਜੁੱਟਤਾ ਦੀ ਮਿਸਾਲ ਪੈਦਾ ਕਰੀਏ।
ਲਹਿਰਾਗਾਗਾ (ਪੱਤਰ ਪ੍ਰੇਰਕ): ਕੁੱਲ ਹਿੰਦ ਕਿਸਾਨ ਸਭਾ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਦਾ ਅਹਿਦ ਲਿਆ। ਕਾਮਰੇਡ ਸਤਵੰਤ ਸਿੰਘ ਖੰਡੇਬਾਦ ਨੇ ਦੱਸਿਆ ਕਿ ਬੰਦ ਨੂੰ ਸਫਲ ਬਣਾਉਣ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸੁਨਾਮ ਤਹਿਸੀਲ ਦੀਆਂ ਸਾਂਝੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਸੱਚਖੰਡ ਵਿਖੇ ਕਿਸਾਨ ਆਗੂ ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸੁਨਾਮ ਅਤੇ ਇਲਾਕੇ ਦੇ ਪਿੰਡਾਂ ਵਿੱਚ ਪੂਰੀ ਤਿਆਰੀ ਕੀਤੀ ਜਾ ਰਹੀ ਹੈ।
ਝੰਡਾ ਮਾਰਚ ਕਰਕੇ ਲੋਕਾਂ ਨੂੰ ਕੀਤਾ ਜਾਵੇਗਾ ਲਾਮਬੰਦ
ਰਾਜਪੁਰਾ (ਪੱਤਰ ਪ੍ਰੇਰਕ): ਆਲ ਇੰਡੀਆ ਕਿਸਾਨ ਫੈਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ ਗੁਰਦੀਪ ਸਿੰਘ ਸਰਾਲਾ ਕਲਾਂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪਵਨ ਕੁਮਾਰ ਸੋਗਲਪੁਰ, ਇਕਬਾਲ ਸਿੰਘ, ਸਾਹਿਬ ਸਿੰਘ ਮੰਡੌਲੀ, ਰਤਨ ਸਿੰਘ, ਰਣਜੀਤ ਸਿੰਘ ਮਰਦਾਂਪੁਰ, ਬਲਜੀਤ ਸਿੰਘ ਖਡੌਲੀ, ਰਾਜਿੰਦਰ ਸਿੰਘ ਮੋਟੇਮਾਜਰਾ ਅਤੇ ਹਾਕਮ ਸਿੰਘ ਮਨਾਣਾ ਸਮੇਤ ਹੋਰਾਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪ੍ਰੇਮ ਸਿੰਘ ਭੰਗੂ ਅਤੇ ਸੂਬਾ ਸਕੱਤਰ ਜੋਰਾ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਫੈਡਰੇਸ਼ਨ ਵੱਲੋਂ 24 ਸਤੰਬਰ ਨੂੰ ਘਨੌਰ ਅਤੇ ਰਾਜਪੁਰਾ ਹਲਕੇ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।