ਪੱਤਰ ਪ੍ਰੇਰਕ
ਪਟਿਆਲਾ, 21 ਜੂਨ
ਇੱਥੇ ਅੱਜ ਪੀ.ਆਰ.ਟੀ.ਸੀ. ਜੁਆਇੰਟ ਐਕਸ਼ਨ ਕਮੇਟੀ ਨੇ ਪਟਿਆਲਾ ਬੱਸ ਸਟੈਂਡ ਦੇ ਮੁੱਖ ਗੇਟ ਨੂੰ ਤਾਲਾ ਲਾ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਮੁਜ਼ਾਹਰਾ ਖ਼ਤਮ ਹੋਣ ਮੌਕੇ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਜੂਨ ਮਹੀਨੇ ਦੀ ਤਨਖ਼ਾਹ ਤੇ ਪੈਨਸ਼ਨ ਇਸੇ ਤਰ੍ਹਾਂ ਲੇਟ ਕੀਤੀ ਗਈ ਤਾਂ 19 ਜੁਲਾਈ ਨੂੰ ਪੀ.ਆਰ.ਟੀ.ਸੀ. ਦੇ ਸਾਰੇ ਡਿੱਪੂਆਂ ਵਿੱਚ ਇੱਕ ਦਿਨ ਦੀ ਮੁਕੰਮਲ ਹੜਤਾਲ ਕੀਤੀ ਜਾਵੇਗੀ। ਇਸ ਦੌਰਾਨ ਬੱਸਾਂ ਨਾ ਚੱਲਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਸਬੰਧਿਤ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਹੜਤਾਲ ਦੀ ਤਿਆਰੀ ਅਤੇ ਜਨਰਲ ਮੈਨੇਜਰ ਬਠਿੰਡਾ ਨੂੰ ਮੁਅੱਤਲ ਕਰਨ ਦੀ ਮੰਗ ਸਬੰਧੀ 5 ਜੁਲਾਈ ਨੂੰ ਬਠਿੰਡਾ ਵਿੱਚ ਕਨਵੈੱਨਸ਼ਨ ਕੀਤੀ ਜਾਵੇਗੀ। ਐਕਸ਼ਨ ਕਮੇਟੀ ਦੇ ਬੁਲਾਰਿਆਂ ਨਿਰਮਲ ਸਿੰਘ ਧਾਲੀਵਾਲ, ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਗੁਰਬਖ਼ਸ਼ ਰਾਮ, ਸੁੱਚਾ ਸਿੰਘ, ਹਰਕੇਸ਼ ਕੁਮਾਰ ਕੰਟਰੈਕਟ ਵਰਕਰਜ਼ ਆਗੂ ਅਤੇ ਮੁਹੰਮਦ ਖਲੀਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ‘ਆਪ’ ਦੀ ਮਾਨ ਸਰਕਾਰ ਬਣੀ ਹੈ ਉਸੇ ਸਮੇਂ ਤੋਂ ਪੀ.ਆਰ.ਟੀ.ਸੀ. ਦੇ ਵਰਕਰਾਂ ਨੂੰ ਤਨਖ਼ਾਹ ਅਤੇ ਪੈਨਸ਼ਨ ਦੇ ਲਾਲੇ ਪਏ ਹੋਏ ਹਨ। ਆਗੂਆਂ ਕਿਹਾ ਕਿ ਇਹ ਵੀ ਪਤਾ ਲਗਾ ਹੈ ਕਿ ਇਹ ਸਰਕਾਰ ਕਿੱਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਪਾਉਣਾ ਚਾਹੁੰਦੀ ਹੈ। ‘ਆਪ’ ਸਰਕਾਰ ਵੀ ਸ਼ੋਸ਼ੇਬਾਜ਼ੀ ਵਿੱਚ ਆ ਗਈ ਹੈ। ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਬਠਿੰਡਾ ਡਿੱਪੂ ਵਿੱਚ ਹੋਏ ਬਹੁ ਕਰੋੜੀ ਟਿਕਟ ਮਸ਼ੀਨਾਂ ਦੇ ਘਪਲੇ ਦੇ ਸੂਤਰਧਾਰ ਜਨਰਲ ਮੈਨੇਜਰ ਬਠਿੰਡਾ ਨੂੰ ਮੁਅੱਤਲ ਨਹੀਂ ਕੀਤਾ ਗਿਆ ਜਿਸ ਸਬੰਧੀ ਯੂਨੀਅਨ ਸਖ਼ਤ ਕਦਮ ਚੁੱਕੇਗੀ।