ਪੱਤਰ ਪ੍ਰੇਰਕ
ਘਨੌਰ, 2 ਫਰਵਰੀ
ਇਸ ਖੇਤਰ ਵਿੱਚੋਂ ਲੰਘਦੀ ਘਨੌਰ-ਬਹਾਦਰਗੜ੍ਹ ਰੋਡ ’ਤੇ ਪਿੰਡ ਭੱਟਮਾਜਰਾ ਨੇੇੜੇ ਬੱਸ ਅਤੇ ਮਹਿੰਦਰਾ ਪਿਕਅੱਪ ਵਿਚਕਾਰ ਹੋਈ ਟੱਕਰ ਦੌਰਾਨ ਬੱਸ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪੀਆਰਟੀਸੀ ਦੀ ਇੱਕ ਬੱਸ ਪਟਿਆਲਾ ਤੋਂ ਦਿੱਲੀ ਵਾਇਆ ਘਨੌਰ ਜਾ ਰਹੀ ਸੀ ਕਿ ਜਦੋਂ ਇਹ ਬੱਸ ਪਿੰਡ ਭੱਟਮਾਜਰਾ ਨੇੜੇ ਪੁੱਜੀ ਤਾਂ ਸੰਘਣੀ ਧੁੰਦ ਕਾਰਨ ਇਸ ਦੀ ਬਾਂਸਾਂ ਨਾਲ ਭਰੀ ਮਹਿੰਦਰਾ ਪਿਕਅੱਪ ਵੈਨ ਨਾਲ ਟੱਕਰ ਹੋ ਗਈ। ਇਸ ਕਾਰਨ ਬੱਸ ਚਾਲਕ ਏਕਮ ਸਿੰਘ ਵਾਸੀ ਦੀਪ ਨਗਰ ਪਟਿਆਲਾ ਦੀ ਮੌਤ ਹੋ ਗਈ ਅਤੇ ਬੱਸ ਦੇ ਕੰਡਕਟਰ ਨੂੰ ਵੀ ਮਾਮੂਲੀ ਸੱਟਾਂ ਲੱਗੀਆ। ਹਾਦਸੇ ਮਗਰੋਂ ਪਿਕਅੱਪ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਘਨੌਰ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।