ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਅਗਸਤ
ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਦੋ ਮੋਟਰਸਾਈਕਲਾਂ ਸਮੇਤ ਮੋਬਾਈਲ ਅਤੇ ਲੈਪਟਾਪ ਚੋਰੀ ਹੋਣ ਦਾ ਪਤਾ ਲੱਗਾ ਹੈ। ਅਗਰਵਾਲ ਕਲੋਨੀ ਵਾਸੀ ਪਵਨ ਕੁਮਾਰ, ਸ਼ੁਭਮ ਸਿੰਗਲਾ, ਰਮਨ ਕੁਮਾਰ, ਨਿਤੀਸ਼ ਕੁਮਾਰ ਅਤੇ ਹਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਰਾਤ ਕਰੀਬ ਇੱਕ ਵਜੇ ਚੋਰ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਕੇ ਬਾਹਰਲੇ ਗੇਟ ਨੂੰ ਲੱਗਾ ਤਾਲਾ ਤੋੜ ਕੇ ਪੋਰਚ ਵਿੱਚ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਸਪੱਸ਼ਟ ਹੋਇਆ ਕਿ ਰਾਤ ਇੱਕ ਵਜੇ ਦੇ ਕਰੀਬ ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸੇ ਰਾਤ ਸ਼ਹਿਰ ਦੇ ਤੁਲਸੀ ਨਗਰ ਵਿੱਚ ਵੀ ਇਸੇ ਤਰ੍ਹਾਂ ਇੱਕ ਹੋਰ ਮੋਟਰਸਾਈਕਲ ਚੋਰੀ ਹੋਣ ਦੇ ਨਾਲ ਹੀਰ ਮੁਹੱਲਿਆਂ ਵਿੱਚੋਂ ਲੈਪਟਾਪ ਅਤੇ ਮੋਬਾਈਲ ਚੋਰੀ ਹੋਇਆ ਹੈ। ਸ਼ਹਿਰ ਵਿੱਚ ਦਰਜਨ ਦੇ ਕਰੀਬ ਨੌਜਵਾਨਾਂ ਦਾ ਚੋਰ ਗਰੋਹ ਸਰਗਰਮ ਹੋਣ ਦੀ ਚਰਚਾ ਹੈ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਸ਼ਹਿਰ ਵਿੱਚ ਰਾਤ ਸਮੇਂ ਪੀਸੀਆਰ ਦੀ ਗਸ਼ਤ ਵਧਾਈ ਜਾਵੇ।
ਪੀਸੀਆਰ ਗਸ਼ਤ ਵਿੱਚ ਵਾਧਾ ਕੀਤਾ ਜਾ ਰਿਹੈ: ਚੌਕੀ ਇੰਚਾਰਜ
ਸਿਟੀ ਪੁਲੀਸ ਚੌਕੀ ਇੰਚਾਰਜ ਕੁਲਦੀਪ ਸਿੰਘ ਕਿਹਾ ਕਿ ਮੋਟਰਸਾਈਕਲ ਚੋਰੀ ਹੋਣ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਸੀਸੀਟੀਵੀ ਕੈਮਰਿਆਂ ਵਿੱਚੋਂ ਮਿਲੀਆਂ ਤਸਵੀਰਾਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦੀ ਜਾਨ-ਮਾਲ ਦੀ ਰਾਖੀ ਲਈ ਰਾਤ ਸਮੇਂ ਪੀਸੀਆਰ ਗਸ਼ਤ ਵਿੱਚ ਵਾਧਾ ਕੀਤਾ ਜਾ ਰਿਹਾ ਹੈ।