ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 14 ਜੁਲਾਈ
ਪ੍ਰਸ਼ਾਸਨ ਵੱਲੋਂ ਲੰਘੀ ਦਿਨੀਂ ਪੁਲੀਸ ਸਣੇ ਰਾਜਪੁਜਾ ਦੀਆਂ ਕਈ ਖਾਦ ਤੇ ਬੀਜ ਵਾਲੀਆਂ ਦੁਕਾਨਾਂ ਤੋਂ ਕਈ ਦਵਾਈਆਂ ਦੇ ਸੈਂਪਲ ਭਰਨ ਦੇ ਵਿਰੋਧ ਵਿੱਚ ਦੇਵੀਗੜ੍ਹ ਪੈਸਟੀਸਾਈਡਜ਼ ਯੂਨੀਅਨ ਨੇ ਪ੍ਰਧਾਨ ਪਰਮਜੀਤ ਸ਼ਰਮਾ ਦੀ ਅਗਵਾਈ ਵਿੱਚ ਅੱਜ ਬਲਾਕ ਭੁਨਰਹੇੜੀ ਅਧੀਨ ਦੇਵੀਗੜ੍ਹ, ਰੌਹੜ ਜਾਗੀਰ, ਬਿੰਜਲ, ਦੇਵੀਗੜ੍ਹ, ਭੁਨਰਹੇੜੀ ਵਿਖੇ ਆਉਂਦੀਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਯੂਨੀਅਨ ਦੇ ਪ੍ਰਧਾਨ ਪਰਮਜੀਤ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਖੇਤੀਬਾੜੀ ਮਹਿਕਮੇ ਨੇ ਰਾਜਪੁਰਾ ਵਿੱਚ ਖਾਦ ਤੇ ਦਵਾਈਆਂ ਦੀ ਦੁਕਾਨ ’ਤੇ ਪੁਲੀਸ ਨੂੰ ਨਾਲ ਲੈ ਕੇ ਛਾਪਾ ਮਾਰਿਆ ਸੀ ਅਤੇ ਇੱਕ ਦੁਕਾਨ ਤੋਂ ਕਈ ਦਵਾਈਆਂ ਦੇ ਸੈਂਪਲ ਭਰੇ ਗਏ ਸਨ, ਜਿਸ ਨੂੰ ਪੈਸਟੀਸਾਈਡਜ਼ ਯੂਨੀਅਨ ਨੇ ਗਲਤ ਕਰਾਰ ਦਿੱਤਾ ਸੀ ਕਿ ਸਬੰਧਤ ਮਹਿਕਮੇ ਦਾ ਇਹ ਤਰੀਕਾ ਗਲਤ ਹੈ।
ਆਗੂਆਂ ਨੇ ਕਿਹਾ,‘ਸਾਡੇ ਕੋਲ ਖਾਦ ਤੇ ਦਵਾਈਆਂ ਵੇਚਣ ਦਾ ਕਾਨੂੰਨੀ ਹੱਕ ਹੈ ਅਤੇ ਮਹਿਕਮੇ ਨੇ ਜੋ ਸੈਂਪਲਿੰਗ ਕਰਨੀ ਹੈ, ਉਹ ਪਹਿਲੀ ਸਟੇਜ ’ਤੇ ਕਰੇ, ਕਿਉਂਕਿ ਅਸੀਂ ਜੋ ਬੀਜ, ਖਾਦ, ਦਵਾਈਆਂ ਵੇਚਦੇ ਹਾਂ ਉਹ ਕੰਪਨੀ ਦੇ ਪ੍ਰੋਡਕਟ ਹੁੰਦੇ ਹਨ ਇਸ ਲਈ ਅਸਲੀ ਨਕਲੀ ਦੀ ਜ਼ਿੰਮੇਵਾਰੀ ਕੰਪਨੀ ਦੀ ਹੁੰਦੀ ਹੈ । ਇਸ ਲਈ ਹੇਠਲੇ ਪੱਧਰ ’ਤੇ ਛੋਟੇ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਮਹਿਕਮਾ ਸਿਰਫ ਲਾਈਸੈਂਸ ਚੈੱਕ ਕਰੇ। ਯੂਨੀਅਨ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਇਹ ਰੋਸ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵਿਭਾਗ ਕਿਸੇ ਵੀ ਦੁਕਾਨ ਤੋਂ ਸੈਂਪਲ ਲਵੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਬਿਨਾਂ ਗੱਲ ਤੋਂ ਪੁਲੀਸ ਨੂੰ ਨਾਲ ਲੈ ਕੇ ਸੈਂਪਲ ਭਰਨੇ ਠੀਕ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਣਮਿਥੇ ਸਮੇਂ ਲਈ ਧਰਨੇ ਲਾਏ ਜਾਣਗੇ। ਇਸ ਮੌਕੇ ਪਰਮਜੀਤ ਸ਼ਰਮਾ, ਕਰਤਾਰ ਸਿੰਘ, ਰਾਕੇਸ਼ ਸ਼ਰਮਾ, ਰਾਜਿੰੰਦਰ ਗੁਪਤਾ, ਸਾਹਿਲ ਸ਼ਰਮਾ, ਜਗਤਾਰ ਸਿੰਘ ਜੱਗਾ, ਕਰਨਦੀਪ ਸਿੰਘ, ਅਸ਼ੋਕ ਗੋਇਲ, ਪ੍ਰਿਤਪਾਲ ਸਿੰਘ ਪਾਲੀ, ਅਨਿਲ ਜਿੰਦਲ, ਗੁਰਭਾਗ ਸਿੰਘ, ਨਿਰਮਲ ਭਾਰਤੀ, ਸਗਨ ਸੈਣੀ, ਅਮਰਜੀਤ ਸਿੰਘ, ਸਿਰੀ ਰਾਮ ਗੁਪਤਾ, ਜਸਵਿੰਦਰ ਸ਼ਰਮਾ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਸਵਿੰਦਰ, ਸਾਹਿਲ ਗੁਪਤਾ, ਕੁਲਵੰਤ ਸਿੰਘ ਅਤੇ ਮੁਦਿਤ ਕੁਮਾਰ ਆਦਿ ਮੌਜੂਦ ਸਨ।