ਪੱਤਰ ਪ੍ਰੇਰਕ
ਰਾਜਪੁਰਾ, 28 ਸਤੰਬਰ
‘ਬਹੁਜਨ ਸਮਾਜ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਤਹਿਤ ਲੜੇਗੀ। ਇਹ ਚੋਣਾਂ ਬਸਪਾ ਨਾਲ ਗੱਠਜੋੜ ਤਹਿਤ ਲੜਨੀਆਂ ਹਨ ਜਾਂ ਨਹੀਂ, ਇਸ ਬਾਰੇ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ ਹੈ। ਪਰ ਬਸਪਾ ਵੱਲੋਂ ਅਜਿਹੇ ਕਿਸੇ ਵੀ ਸਿਆਸੀ ਗੱਠਜੋੜ ਨਾਲ ਰਲ ਕੇ ਚੋਣਾਂ ਨਹੀਂ ਲੜੀਆਂ ਜਾਣਗੀਆਂ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਵੇਗੀ।’ ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਇਥੇ ਬਸਪਾ ਦਫਤਰ ਵਿੱਚ ਪਾਰਟੀ ਵੱਲੋਂ 9 ਅਕਤੂਬਰ ਨੂੰ ਖੰਨਾ ਵਿੱਚ ਕੀਤੀ ਜਾ ਰਹੀ ਸੂਬਾ ਪੱਧਰੀ ਵਰਕਰ ਸੰਮੇਲਨ ਦੀ ਤਿਆਰੀ ਸਬੰਧੀ ਵਰਕਰਾਂ ਦੀ ਲਾਮਬੰਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੀਤਾ। ਇਸ ਮੌਕੇ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ ਤੇ ਜਗਜੀਤ ਸਿੰਘ ਛੜਬੜ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਹੋਰ ਕਿਸੇ ਵੀ ਪਾਰਟੀ ਨਾਲ ਸਿਆਸੀ ਸਾਂਝ ਪਾਉਣ ਤੋਂ ਗੁਰੇਜ ਨਹੀਂ, ਬਸਪਾ ਨੂੰ ਸੱਤਾ ਚਾਹੀਦੀ ਹੈ। ਬਸਪਾ ਆਗੂ ਨੇ ਆਖਿਆ ਕਿ ਇਸ ਵੇਲੇ ਪੰਜਾਬ ਵਿੱਚ ਜੰਗਲ ਰਾਜ ਹੈ। ਇਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਉੱਚ ਅਧਿਕਾਰੀਆਂ ਨੂੰ ਬੇਇੱਜ਼ਤ ਕਰ ਰਹੇ ਹਨ। ਜਿਸ ਨੂੰ ਬਸਪਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਡਰਾਮੇਬਾਜੀ ਨਾਲ ਚੱਲ ਰਹੀ ਹੈ। ਇਸ ਵੱਲੋਂ ਸੰਵਿਧਾਨ ਵਿਰੁੱਧ ਜਾ ਕੇ ਵਿਧਾਨ ਸਭਾ ਸੈਸ਼ਨ ਦੌਰਾਨ ਭਰੋਸਗੀ ਣਾਂ ਮਤਾ ਪੇਸ਼ ਕੀਤਾ ਗਿਆ। ਸਰਕਾਰ ਵੱਲੋਂ ਆਪਣੇ ਛੇ ਮਹੀਨੇ ਦੇ ਕਾਰਜਕਾਲ ਦੌਰਾਨ ਸੂਬੇ ਦੇ 80 ਫੀਸਦੀ ਅਨੁਸੂਚਿਤ ਜਾਤੀਆਂ, ਪਛੜੀ ਸ਼੍ਰੈਣੀਆਂ ਤੇ ਹੋਰ ਗਰੀਬ ਲੋਕਾਂ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ ਗਿਆ। ਇਸ ਸਰਕਾਰ ਦੇ ਫੈਸਲੇ ਦਲਿਤ ਵਿਰੋਧੀ ਹਨ।ਊਨ੍ਹਾਂ ਕਿਹਾ ਕਿ ਬਸਪਾ ਵੱਲੋਂ ਬਹੁਜਨ ਨੂੰ ਲਾਮਬੰਦ ਕਰਕੇ ਭਗਵੰਤ ਮਾਨ ਸਰਕਾਰ ਨੂੰ ਸੰਤਾ ਤੋਂ ਲਾਂਭੇ ਕੀਤਾ ਜਾਵੇਗਾ। ਜਿਸ ਲਈ ਬਸਪਾ ਪੂਰੀ ਤਰ੍ਹਾਂ ਸਰਗਰਮ ਹੈ। ਜਦੋਂਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਰ ਸਾਰੀ ਸਿਆਸੀ ਪਾਰਟੀਆਂ ਦੇ ਆਗੂ ਘਰ ਬੈਠ ਗਏ ਹਨ। ਇਸ ਮਗਰੋਂ ਉਨ੍ਹਾਂ ਪਾਰਟੀ ਵਰਕਰਾਂ ਦੀ ਲਾਮਬੰਦੀ
ਮੀਟਿੰਗ ਨੂੰ ਸੰਬੋਧਨ ਕੀਤਾ ਤੇ 9 ਅਕਤੂਬਰ ਨੂੰ ਖੰਨਾ ਦੇ ਵਰਕਰ ਸੰਮੇਲਨ ਵਿੱਚ ਪੁੱਜਣ ਦਾ ਸੱਦਾ ਦਿੱਤਾ। ਮੀਟਿੰਗ ’ਚ ਬਲਦੇਵ ਸਿੰਘ ਮਹਿਰਾ, ਕੇਸਰ ਸਿੰਘ, ਬਖਸ਼ੀਵਾਲਾ, ਜੋਗਾ ਸਿੰਘ ਪਨੋਦੀਆ, ਅਜੀਤ ਸਿੰਘ ਭੈਣੀ ਨੇ ਸੰਬੋਧਨ ਕੀਤਾ। ਇਸ ਮੌਕੇ ਹਲਕਾ ਘਨੌਰ ਦੇ ਪ੍ਰਧਾਨ ਬਲਕਾਰ ਸਿੰਘ ਹਰਪਾਲਪੁਰ, ਮਾਸਟਰ ਪ੍ਰੇਮ ਸਿੰਘ ਰਾਜਪੁਰਾ ਵੀ ਹਾਜ਼ਰ ਸਨ।