ਨਿੱਜੀ ਪੱਤਰ ਪ੍ਰੇਰਕ
ਭਾਦਸੋਂ, 27 ਜੂਨ
ਥਾਣਾ ਭਾਦਸੋਂ ਦੇ ਪਿੰਡ ਖਨੌੜਾ ਵਿੱਚ ਇੱਕ ਭਰਾ ਵੱਲੋਂ ਆਪਣੇ ਇੱਕ ਅਪਾਹਜ ਭਰਾ ਤੇ ਭੈਣ ਦੇ ਹਿੱਸੇ ਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਧੋਖੇ ਨਾਲ ਆਪਣੇ ਨਾਮ ਕਰਵਾ ਕੇ ਠੱਗੀ ਮਾਰਨ ਦਾ ਕੇਸ ਸਾਹਮਣੇ ਆਇਆ ਹੈ। ਖਨੌੜਾ ਦੇ ਰਹਿਣ ਵਾਲੇ ਅਵਤਾਰ ਸਿੰਘ ਹਾਲ ਆਬਾਦ ਪਿੰਡ ਰਾਜਗੜ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਨੇ ਦਰਖਾਸਤ ਦਿੱਤੀ ਹੈ ਕਿ ਉਸ ਦੇ ਭਰਾ ਹਰਦੀਪ ਸਿੰਘ, ਭਰਜਾਈ ਰਮਨਦੀਪ ਕੌਰ, ਚਾਚਾ ਹਿੰਮਤ ਸਿੰਘ, ਜਸਵਿੰਦਰ ਸਿੰਘ ਤੇ ਅਵਤਾਰ ਸਿੰਘ ਨੇ ਉਸ ਦੀ ਤੇ ਉਸ ਦੀ ਭੈਣ ਜਸਵੀਰ ਕੌਰ ਦੀ ਜ਼ਮੀਨ ਨੂੰ ਧੋਖੇ ਨਾਲ ਵੇਚ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਜਾਣਕਾਰੀ ਮੁਤਾਬਕ ਅਵਤਾਰ ਸਿੰਘ, ਜੋ ਸਰੀਰ ਪੱਖੌਂ ਅਪਾਹਜ ਹੈ, ਆਪਣੀ ਭੈਣ ਜਸਵੀਰ ਕੌਰ ਨਾਲ ਰਾਜਗੜ ਵਿੱਚ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਅਵਤਾਰ ਦੀ ਤਬੀਅਤ ਠੀਕ ਨਾ ਹੋਣ ਕਰ ਕੇ ਉਸ ਦੇ ਭਰਾ ਹਰਦੀਪ ਨੇ ਦਬਾਅ ਪਾ ਕੇ ਉਸ ਦੇ ਹਿੱਸੇ ਦੀ ਜ਼ਮੀਨ ਆਪਣੇ ਲੜਕੇ ਅਰਸ਼ਦੀਪ ਸਿੰਘ ਦੇ ਹੱਕ ਵਿਚ ਵਸੀਅਤ ਕਰਵਾ ਦਿੱਤੀ। ਇਸ ਮਗਰੋ ਹਰਦੀਪ ਨੇ ਨਾ ਉਸ ਦੀ ਸਾਰ ਪੁੱਛੀ ਤੇ ਨਾ ਹੀ ਇਲਾਜ ਲਈ ਕੋਈ ਰਕਮ ਦਿੱਤੀ। ਉਸ ਦਾ ਇਲਾਜ ਜਸਵੀਰ ਕੌਰ ਤੇ ਉਸ ਦੇ ਪਤੀ ਜਗਮੀਤ ਸਿੰਘ ਨੇ ਕਰਵਾਇਆ। ਜਦੋਂ ਅਵਤਾਰ ਨੇ ਵਸੀਅਤ ਕਰਵਾਈ ਜ਼ਮੀਨ ਤਹਿਸੀਲਦਾਰ ਕੋਲ ਜਾ ਕੇ ਖਾਰਜ ਕਰਵਾ ਦਿੱਤੀ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਕਤ ਜ਼ਮੀਨ ਹਰਦੀਪ ਸਿੰਘ ਦੇ ਹੋਰਨਾਂ ਰਿਸ਼ਤੇਦਾਰਾਂ ਨੇ ਉਸ ਦੇ ਜਾਅਲੀ ਹਸਤਾਖਰ ਕਰਕੇ ਵੇਚ ਦਿੱਤੀ ਹੈ। ਇਸ ਸਬੰਧੀ ਥਾਣਾ ਭਾਦਸੋਂ ਦੇ ਮੁਖੀ ਅੰਮ੍ਰਿਤਬੀਰ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇੇੇੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।