ਬਹਾਦਰ ਸਿੰਘ ਮਰਦਾਂਪੁਰ
ਘਨੌਰ, 30 ਅਕਤੂਬਰ
ਇਸ ਖੇਤਰ ਦੀਆਂ ਟੁੱਟੀਆਂ ਸੜਕਾਂ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਤੇ ਨਾਬਾਰਡ ਸਕੀਮ ਤਹਿਤ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ’ਤੇ ਪੈਂਦੇ ਬੱਸ ਅੱਡਾ ਘੱਗਰ ਸਰਾਏ ਤੋਂ ਜੰਡ ਮੰਘੌਲੀ ਵਾਇਆ ਨੌਗਾਵਾਂ, ਸਲੇਮਪੁਰ ਸੇਖਾਂ ਅਤੇ ਕਬੂਲਪੁਰ, ਰਾਜਪੁਰਾ-ਪਟਿਆਲਾ ਰੋਡ ’ਤੇ ਸਥਿਤ ਪਿੰਡ ਭੱਦਕ ਤੋਂ ਬਠੌਣੀਆਂ ਵਾਇਆ ਸ਼ੈਦਖੇੜੀ, ਖਾਨਪੁਰ, ਬਹਾਦਰਗੜ੍ਹ- ਘਨੌਰ ਰੋਡ ਤੋਂ ਬਲਹੇੜੀ ਵਾਇਆ ਰੁੜਕਾ-ਰੁੜਕੀ, ਸ਼ੰਭੂ ਘਨੌਰ ਰੋਡ ਦੇ ਲਾਛੜੂ ਬੱਸ ਅੱਡਾ ਤੋਂ ਚਮਾਰੂ-ਊਂਟਸਰ-ਜੰਡ ਮੰਘੌਲੀ, ਸੰਧਾਰਸੀ ਤੋਂ ਕਬੂਲਪੁਰ, ਭੱਟਮਾਜਰਾ ਤੋਂ ਚੱਪੜ, ਮਹਿਦੂਦਾਂ ਤੋਂ ਗੁਰਦੁਆਰਾ ਭਗਤ ਧੰਨਾ ਜੀ ਲਾਛੜੂ ਖੁਰਦ, ਮਾੜੂ ਤੋਂ ਨਨਓਲਾ, ਸ਼ਾਹਪੁਰ ਤੋਂ ਘਨੌਰ ਵਾਇਆ ਸੋਨੇਮਾਜਰਾ, ਅਨਾਜ ਮੰਡੀ ਚੱਪੜ ਅਤੇ ਮਰਦਾਂਪੁਰ ਦੀਆਂ ਲਿੰਕ ਸੜਕਾਂ ਦੇ ਨਵੀਨੀਕਰਨ ਲਈ ਤਤਕਾਲੀ ਕਾਂਗਰਸ ਸਰਕਾਰ ਦੇ ਅੰਤਿਮ ਦਿਨਾਂ ਦੌਰਾਨ ਟੈਂਡਰ ਹੋਏ ਸਨ। ਜਿਹਨਾਂ ’ਤੇ ਸਬੰਧਤ ਠੇਕੇਦਾਰਾਂ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਗਿੱਟਕਾ (ਰੋੜਾ) ਪਾਉਣ ਮਗਰੋਂ ਸੜਕਾਂ ਨੂੰ ਭੁਲਾ ਦਿੱਤਾ ਗਿਆ। ਪ੍ਰੰਤੂ ਸਤਾ ਤਬਦੀਲੀ ਤੋਂ ਬਾਅਦ ਸਬੰਧਤ ਠੇਕੇਦਾਰਾਂ ਦੀ ਕਾਰਜਸ਼ੈਲੀ ਵਿੱਚ ਕੋਈ ਤਬਦੀਲੀ ਨਾ ਆਈ ਅਤੇ ਉਨ੍ਹਾਂ ਵੱਲੋਂ 7-8 ਮਹੀਨੇ ਬੀਤਣ ’ਤੇ ਵੀ ਪ੍ਰੀਮਿਕਸ ਨਹੀਂ ਪਾਇਆ ਗਿਆ। ਇਸ ਕਾਰਨ ਉਕਤ ਸੜਕਾਂ ਤੋਂ ਵਾਹਨਾਂ ਨਾਲ ਰੋੜੇ ਉਖੜ ਉਖੜ ਕੇ ਹੋਰਨਾਂ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਵੱਜਦੇ ਰਹਿੰਦੇ ਹਨ। ਇਸ ਤੋਂ ਇਲਾਵਾ ਇਸ ਖੇਤਰ ਦੀਆਂ ਪਿੱਪਲ ਮੰਘੌਲੀ ਤੋਂ ਹਰਪਾਲਪੁਰ ਵਾਇਆ ਸਨੌਲੀਆਂ, ਪਿੱਪਲ ਮੰਘੌਲੀ ਤੋਂ ਰਾਏਪੁਰ-ਨਨਹੇੜੀ, ਸ਼ੰਭੂ ਖੁਰਦ ਤੋਂ ਹਾਸ਼ਮਪੁਰ, ਸ਼ੰਭੂ ਕਲਾਂ ਤੋਂ ਨਨਹੇੜਾ, ਸ਼ੰਭੂ ਕਲਾਂ ਤੋਂ ਰਾਜਗੜ੍ਹ, ਪੰਡਤਾਂ ਖੇੜੀ ਤੋਂ ਬਹਾਦਰਗੜ੍ਹ ਵਾਇਆ ਚਮਾਰਹੇੜੀ ਸਮੇਤ ਹੋਰ ਦਰਜਨਾਂ ਹੀ ਲਿੰਕ ਸੜਕਾਂ ਵਿੱਚ ਪਏ ਡੂੰਘੇ ਟੋਏ ਰਾਹਗੀਰਾਂ ਲਈ ਦਿੱਕਤਾਂ ਅਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਖੇਤਰ ਦੇ ਵਸਨੀਕ ਦਵਿੰਦਰ ਸਿੰਘ ਕੁੱਥਾਖੇੜੀ, ਸਾਬਕਾ ਸਰਪੰਚ ਮਹਿੰਦਰ ਸਿੰਘ ਹਾਸ਼ਮਪੁਰ, ਖੇਤ ਮਜ਼ਦੂਰ ਆਗੂ ਪ੍ਰੇਮ ਸਿੰਘ ਘਨੌਰ, ਅਪੰਗ ਸੁਅੰਗ ਲੋਕਮੰਚ ਦੇ ਆਗੂ ਓਮਕਾਰ ਸ਼ਰਮਾ, ਰਜਿੰਦਰ ਸਿੰਘ ਹਰਪਾਲਪੁਰ ਸਮੇਤ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਲਕਾ ਘਨੌਰ ਦੀਆਂ ਸੜਕਾਂ ’ਤੇ ਤੁਰੰਤ ਪ੍ਰੀਮਿਕਸ ਪਾਈ ਜਾਵੇ ਅਤੇ ਮੁਰੰਮਤ ਕਰਵਾਈ ਜਾਵੇ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਮਨਪ੍ਰੀਤ ਸਿੰਘ ਦੂਆ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪ੍ਰੀਮਿਕਸ ਪਲਾਂਟ ਬੰਦ ਹੋਣ ਕਾਰਨ ਅਤੇ ਠੇਕੇਦਾਰਾਂ ਨੂੰ ਅਦਾਇਗੀ ਨਾ ਹੋਣ ਕਾਰਨ ਸੜਕਾਂ ’ਤੇ ਪ੍ਰੀਮਿਕਸ ਨਹੀਂ ਪਾਈ ਜਾ ਸਕੀ। ਹੁਣ ਜਲਦੀ ਹੀ ਪ੍ਰੀਮਿਕਸ ਪਲਾਂਟ ਚਾਲੂ ਹੋ ਜਾਣਗੇ ਅਤੇ ਆਉਂਦੇ ਹਫ਼ਤੇ ਠੇਕੇਦਾਰਾਂ ਦੀ ਅਦਾਇਗੀ ਕਲੀਅਰ ਹੋ ਜਾਣ ’ਤੇ ਸਾਰੀਆਂ ਸੜਕਾਂ ’ਤੇ ਪ੍ਰੀਮਿਕਸ ਪੈ ਜਾਵੇਗੀ। ਜਦੋਂ ਕਿ ਅਨਾਜ ਮੰਡੀ ਦੀਆਂ ਸੜਕਾਂ ਬਾਰੇ ਮੰਡੀ ਬੋਰਡ ਦੇ ਐਕਸੀਅਨ ਡੀ. ਸਿੰਗਲਾ ਦਾ ਕਹਿਣਾ ਹੈ ਕਿ ਝੋਨੇ ਦਾ ਸੀਜ਼ਨ ਲੰਘਣ ਮਗਰੋਂ ਮੰਡੀਆਂ ਦੀ ਸੜਕਾਂ ’ਤੇ ਪ੍ਰੀਮਿਕਸ ਪਾ ਦਿੱਤਾ ਜਾਵੇਗਾ।