ਪੱਤਰ ਪ੍ਰੇਰਕ
ਘਨੌਰ, 6 ਜੁਲਾਈ
ਇਲਾਕੇ ਵਿੱਚੋਂ ਲੰਘਦੀ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੇ ਕਿਨਾਰੇ ਘਨੌਰ ਤੋਂ ਸਰਾਲ ਹੈੱਡ ਤੱਕ ਬਣੀ ਸੁਰੱਖਿਆ ਦੀਵਾਰ ਅਤੇ ਨਹਿਰੀ ਸਾਈਫਨ ਦੇ ਪੁਲ ਦੀ ਟੁੱਟੀ ਰੇਲਿੰਗ ਵਾਹਨ ਚਾਲਕਾਂ ਲਈ ਜਾਨ ਦਾ ਖੌਅ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੀ ਪਟੜੀ ’ਤੇ ਘਨੌਰ ਤੋਂ ਅੰਬਾਲਾ ਸ਼ਹਿਰ ਵਾਇਆ ਸਰਾਲਾ-ਕਪੂਰੀ ਸੜਕ ’ਤੇ ਲੰਘਣ ਵਾਲੇ ਰਾਹਗੀਰਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਕਰੀਬ ਦੋ ਦਹਾਕੇ ਪਹਿਲਾਂ ਸਰਕਾਰ ਨੇ ਸੜਕ ਦੇ ਨਹਿਰ ਕਿਨਾਰੇ ਘਨੌਰ ਤੋਂ ਸਰਾਲਾ ਕਲਾਂ ਤੱਕ ਸੁਰੱਖਿਆ ਦੀਵਾਰ ਬਣਾਈ ਸੀ, ਜੋ ਹੁਣ ਅਨੇਕਾਂ ਥਾਵਾਂ ਤੋਂ ਟੁੱਟ ਚੁੱਕੀ ਹੈ। ਇਸ ਤੋਂ ਇਲਾਵਾ ਪੰਝੀਦਰਾ ਗੰਦਾ ਨਾਲਾ ਦੇ ਨਹਿਰੀ ਸਾਈਫਨ ਵਾਲੇ ਪੁਲ ਦੀ ਰੇਲਿੰਗ ਅਤੇ ਪਿੰਡ ਮੰਡੌਲੀ ਦੇ ਰਜਵਾਹੇ ਵਾਲੇ ਪੁਲ ਦੀ ਰੇਲਿੰਗ ਟੁੱਟੀ ਹੋਣ ਕਾਰਨ ਇਥੇ ਕਿਸੇ ਸਮੇਂ ਵੀ ਕੋਈ ਵਾਹਨ ਨਹਿਰ ਵਿੱਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਸਬੰਧਤ ਵਿਭਾਗ ਰੇਲਿੰਗ ਅਤੇ ਸੁਰੱਖਿਆ ਦੀਵਾਰ ਦੀ ਮੁਰੰਮਤ ਕਰਨ ਵੱਲ ਧਿਆਨ ਨਹੀਂ ਦੇ ਰਿਹਾ। ਇਲਾਕਾ ਵਾਸੀ ਜਸਮੇਰ ਸਿੰਘ ਲਾਛੜੂ, ਡਾ. ਵਿਜੇਪਾਲ, ਪ੍ਰੇਮ ਸਿੰਘ ਘਨੌਰ ਅਤੇ ਜਸਪਾਲ ਕੁਮਾਰ ਸਮੇਤ ਹੋਰਨਾਂ ਨੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਟੁੱਟੀ ਹੋਈ ਰੇਲਿੰਗ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਸਾਈਫਨਾਂ ਵਾਲੇ ਤੰਗ ਪੁਲਾਂ ਦੀ ਚੌੜਾਈ ਵਿੱਚ ਵਾਧਾ ਕਰਕੇ ਆਵਾਜਾਈ ਦੀ ਸਮੱਸਿਆ ਹੱਲ ਕੀਤੀ ਜਾਵੇ।
ਜਲਦੀ ਹੋਵੇਗੀ ਮੁਰੰਮਤ: ਐੱਸਡੀਓ
ਇਸ ਸਬੰਧੀ ਸੰਪਰਕ ਕਰਨ ’ਤੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਅਮਰਜੀਤ ਸਿੰਘ ਨੇ ਕਿਹਾ ਕਿ ਸੁਰੱਖਿਆ ਦੀਵਾਰ ਦੀ ਉਸਾਰੀ ਅਤੇ ਨਹਿਰੀ ਵਿਭਾਗ ਵੱਲੋਂ ਟੁੱਟੀ ਹੋਈ ਰੇਲਿੰਗ ਦੀ ਮੁਰੰਮਤ ਜਲਦੀ ਕਰਵਾ ਦਿੱਤੀ ਜਾਵੇਗੀ।