ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 22 ਜੂਨ
ਹਲਕਾ ਸਨੌਰ ਦੇ ਪਿੰਡ ਸ਼ੇਖੂਪੁਰ ਨੇੜੇ ਘੱਗਰ ਦਰਿਆ ’ਤੇ ਬਣ ਰਹੇ ਪੁਲ ਲਈ ਪੰਜਾਬ ਸਰਕਾਰ ਕੋਲੋਂ ਫੰਡ ਮਿਲਣ ਵਿੱਚ ਹੋ ਰਹੀ ਦੇਰੀ ਕਾਰਨ ਪੁਲ ਦਾ ਕੰਮ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ, ਜਿਸ ਕਾਰਨ ਪਿੰਡ ਸ਼ੇਖੂਪੁਰ ਤੇ ਕੁਝ ਹੋਰ ਪਿੰਡਾਂ ਦੇ ਲੋਕਾਂ ਨੂੰ ਇਸ ਪੁਲ ਰਾਹੀਂ ਦੂਧਨ ਸਾਧਾਂ ਤਹਿਸੀਲ ਅਤੇ ਆਪਣੇ ਖੇਤਾਂ ਵਿੱਚ ਜਾਣ ਲਈ ਅਜੇ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਪਿੰਡ ਸ਼ੇਖੂਪੁਰ ਨੇੜੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਅੱਠ-ਨੌਂ ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਸਬੰਧਤ ਠੇਕੇਦਾਰ ਨੂੰ ਪੂਰੇ ਪੈਸੇ ਨਾ ਦਿੱਤੇ ਜਾਣ ਕਰ ਕੇ ਪੁਲ ਦਾ ਕੰਮ ਅਜੇ ਵੀ ਲਮਕ ਰਿਹਾ ਹੈ। ਪਿੰਡ ਸ਼ੇਖੂਪੁਰ ਦੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਘੱਗਰ ਪਾਰ ਹਨ, ਆਪਣੇ ਖੇਤਾਂ ਵਿੱਚ ਜਾਣ ਵੇਲੇ ਬਹੁਤ ਔਖੇ ਹੁੰਦੇ ਹਨ ਕਿਉਂਕਿ ਪੁਲ ਨਾ ਬਣਨ ਕਰ ਕੇ ਉਨ੍ਹਾਂ ਨੂੰ ਖੇਤਾਂ ਵਿੱਚ 12 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ। ਲੱਗਦਾ ਹੈ ਕਿ ਪਿੰਡ ਵਾਸੀ ਇਸ ਸੀਜ਼ਨ ਦੌਰਾਨ ਵੀ ਇਸ ਪੁਲ ਰਾਹੀਂ ਆਪਣੇ ਖੇਤਾਂ ਵਿੱਚ ਨਹੀਂ ਜਾ ਸਕਣਗੇ।
ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੇਲੇ ਇਹ ਪੁਲ ਬਣਨਾ ਸ਼ੁਰੂ ਹੋਇਆ ਸੀ, ਜਿਸ ਲਈ ਸਰਕਾਰ ਨੇ ਸਬੰਧਤ ਠੇਕੇਦਾਰ ਨੂੰ ਸ਼ੁਰੂ ਸ਼ੁਰੂ ਵਿੱਚ ਤਾਂ ਪੈਸੇ ਦੇ ਦਿੱਤੇ ਸਨ ਪਰ ਉਸ ਮਗਰੋਂ ਠੇਕੇਦਾਰ ਨੂੰ ਪੈਸੇ ਨਾ ਮਿਲੇ। ਪੱਲੇ ਤੋਂ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਜਦੋਂ ਠੇਕੇਦਾਰ ਨੂੰ ਹੋਰ ਫੰਡ ਨਹੀਂ ਮਿਲਿਆ ਤਾਂ ਉਹ ਪੁਲ ਦਾ ਕੰਮ ਅੱਧ-ਵਿਚਾਲੇ ਛੱਡ ਕੇ ਚਲਾ ਗਿਆ। ਉਪਰੰਤ ਕਾਂਗਰਸੀ ਆਗੂਆਂ ਨੇ ਮੁੜ ਚਾਰਾਜੋਈ ਕਰ ਕੇ ਇਹ ਕੰਮ ਕਿਸੇ ਹੋਰ ਠੇਕੇਦਾਰ ਨੂੰ ਦਿਵਾ ਦਿੱਤਾ। ਠੇਕੇਦਾਰ ਨਾਲ ਬਾਕੀ ਰਹਿੰਦੇ ਕੰਮ ਦੇ ਪੈਸੇ ਦੇਣ ਦਾ ਠੇਕਾ ਹੋਇਆ ਸੀ। ਨਵੇਂ ਠੇਕੇਦਾਰ ਨੇ ਵੀ ਕੰਮ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਤਾਂ ਉਸ ਨੂੰ ਚੰਗੀ ਰਕਮ ਮਿਲ ਗਈ ਪਰ ਹੁਣ ਜਦੋਂ ਪੁਲ ਦਾ ਕੰਮ ਮੁਕੰਮਲ ਹੋਣ ਨੇੜੇ ਆਇਆ ਤਾਂ ਲੋਕ ਨਿਰਮਾਣ ਵਿਭਾਗ ਨੇ ਠੇਕੇਦਾਰ ਨੂੰ ਬਾਕੀ ਪੈਸੇ ਨਹੀਂ ਦਿੱਤੇ, ਜਿਸ ਕਾਰਨ ਇਸ ਠੇਕੇਦਾਰ ਦਾ ਕੰਮ ਵੀ ਬੰਦ ਹੋਣ ਕੰਢੇ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਉਸ ਕੋਲ ਜਿੰਨੇ ਪੈਸੇ ਸਨ ਉਹ ਸਾਰੇ ਉਸ ਨੇ ਖਰਚ ਦਿੱਤੇ ਹਨ ਪਰ ਹੁਣ ਅੱਗੇ ਕੰਮ ਚਲਾਉਣਾ ਔਖਾ ਹੋਇਆ ਪਿਆ ਹੈ। ਜੇਕਰ ਵਿਭਾਗ ਨੇ ਪੈਸੇ ਜਲਦੀ ਨਾ ਦਿੱਤੇ ਤਾਂ ਕੰਮ ਬੰਦ ਵੀ ਹੋ ਸਕਦਾ ਹੈ।
ਕੀ ਕਹਿੰਦੇ ਨੇ ਅਧਿਕਾਰੀ
ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਰੀਤਜਸ਼ਨ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਹੋਣ ਕਰ ਕੇ ਬਜਟ ਪਾਸ ਨਹੀਂ ਹੋ ਸਕਿਆ, ਜਿਸ ਕਾਰਨ ਸਰਕਾਰ ਵੱਲੋਂ ਵਿਭਾਗ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਹਨ। ਜਦੋਂ ਵੀ ਸਰਕਾਰ ਦਾ ਬਜਟ ਪਾਸ ਹੋ ਗਿਆ ਉਦੋਂ ਹੀ ਠੇਕੇਦਾਰ ਦੀ ਬਾਕੀ ਰਕਮ ਦੇ ਦਿੱਤੀ ਜਾਵੇਗੀ। ਇਸ ਕਰ ਕੇ ਪੁਲ ਦਾ ਕੰਮ ਕਿਸੇ ਹਾਲ ਵਿੱਚ ਰੁਕਣ ਨਹੀਂ ਦਿੱਤਾ ਜਾਵੇਗਾ।