ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 29 ਅਕਤੂਬਰ
ਹਲਕਾ ਸਨੌਰ ਅਧੀਨ ਪੈਂਦੇ ਪਿੰਡ ਸ਼ੇਖੂਪੁਰ ਨੇੜੇ ਘੱਗਰ ਦਰਿਆ ’ਤੇ ਬਣ ਰਹੇ ਪੁਲ ਦਾ ਕੰਮ ਠੇਕੇਦਾਰ ਨੂੰ ਪੈਸੇ ਨਾ ਦੇਣ ਕਰਕੇ ਇੱਕ ਵਾਰ ਮੁੜ ਬੰਦ ਹੋ ਗਿਆ ਹੈ ਜਿਸ ਨਾਲ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਸ਼ੇਖੂਪੁਰ ਦੇ ਕਿਸਾਨਾਂ ਦੀ ਕਾਫੀ ਜ਼ਮੀਨ ਘੱਗਰ ਦੇ ਪਾਰ ਹੈ ਉਹ ਕਈ ਕਿਲੋਮੀਟਰ ਘੁੰਮ ਕੇ ਆਪਣੇ ਖੇਤਾਂ ਵਿੱਚ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਆਰ ਪਾਰ ਜਾਣ ’ਚ ਮੁਸ਼ਕਲ ਪੇਸ਼ ਆ ਰਹੀ ਹੈ। ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਿਆ ਜਾਵੇ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿੰਡ ਸ਼ੇਖੂਪੁਰ ਦੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਇਥੇ 9 ਕਰੋੜ ਦੀ ਲਾਗਤ ਨਾਲ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਵਾਰ ਵਾਰ ਸਬੰਧਤ ਠੇਕੇਦਾਰ ਨੂੰ ਪੂਰੇ ਪੈਸੇ ਨਾ ਦੇਣ ਕਰਕ ਪੁਲ ਦਾ ਕੰਮ ਲਟਕਦਾ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਸਮੇਂ ਇਹ ਪੁਲ ਬਣਨਾ ਸ਼ੁਰੂ ਹੋਇਆ ਸੀ, ਜਿਸ ਲਈ ਸਰਕਾਰ ਤੋਂ ਸਬੰਧਤ ਠੇਕੇਦਾਰ ਨੂੰ ਸ਼ੁਰੂ ਸ਼ੁਰੂ ਵਿੱਚ ਤਾਂ ਪੈਸੇ ਦਿੱਤੇ ਗਏ ਪਰ ਕੁਝ ਕੰਮ ਹੋਣ ਉਪਰੰਤ ਠੇਕੇਦਾਰ ਨੂੰ ਪੈਸੇ ਨਾ ਮਿਲੇ, ਉਸ ਠੇਕੇਦਾਰ ਨੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਦਿੱਤੇ ਜਾਣ ਦੇ ਬਾਵਜੂਦ ਵੀ ਹੋਰ ਰਕਮ ਨਾ ਮਿਲੀ ਜਿਸ ਕਰਕੇ ਠੇਕੇਦਾਰ ਨੇ ਪੁਲ ਦਾ ਕੰਮ ਬੰਦ ਕਰ ਦਿੱਤਾ। ਇਸ ਤੋਂ ਬਾਅਦ ਵੀ ਅਜਿਹਾ ਹੋਇਆ।
95 ਫੀਸਦੀ ਮੁਕੰਮਲ ਹੋਣ ਦੇ ਬਾਵਜੂਦ ਕੰਮ ਹੋਇਆ ਬੰਦ
ਇਸ ਵੇਲੇ ਇਸ ਪੁਲ ਦੀ ਹਾਲਤ ਇਹ ਹੈ ਪੁਲ ਦਾ 95 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ ਪਰ 5 ਫੀਸਦੀ ਕੰਮ ਹੀ ਬਾਕੀ ਹੈ ਪਰ ਸਬੰਧਤ ਠੇਕੇਦਾਰ ਜਿੰਦਲ ਕੰਸਟਰੱਕਸ਼ਨ ਨੇ ਪੈਸੇ ਨਾ ਮਿਲਣ ਕਰਕੇ ਪੁਲ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਕੋਲੋਂ 3 ਕਰੋੜ ਰੁਪਏ ਦੇ ਲਗਪਗ ਖਰਚ ਕੀਤੇ ਹਨ ਪਰ ਸਬੰਧਤ ਵਿਭਾਗ ਨੇ ਪੈਸੇ ਨਹੀਂ ਦਿੱਤੇ ਜਿਸ ਕਰ ਪੁਲ ਦਾ ਕੰਮ ਬੰਦ ਕਰ ਦਿੱਤਾ ਹੈ ਜਦੋਂ ਪੈਸੇ ਦੇਣਗੇ ਤਾਂ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜਦੋਂ ਪੀ.ਡਬਲਿਊ.ਡੀ. ਦੇ ਸਬੰਧਤ ਐਸ.ਡੀ.ਓ. ਮਨੋਹਰ ਲਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ’ਤੇ ਪਿੰਡ ਸ਼ੇਖੂਪੁਰ ਨੇੜੇ ਬੜੇ ਰਹੇ ਪੁਲ ਦੇ ਠੇਕੇਦਾਰ ਵੱਲੋਂ ਬਿੱਲ ਸਬੰਧਤ ਮਹਿਕਮੇ ਕੋਲ ਆਏ ਹੋਏ ਹਨ ਜੋ ਕਿ ਕਾਫੀ ਰਕਮ ਦੇ ਬਣਦੇ ਹਨ। ਉਨ੍ਹਾਂ ਨੂੰ ਅਦਾਇਗੀ ਲਈ ਸਰਕਾਰ ਕੋਲ ਭੇਜਿਆ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਬਿੱਲਾਂ ਦੀ ਅਦਾਇਗੀ ਨਹੀਂ ਹੋਈ ਜਿਸ ਨੂੰ ਜਲਦੀ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਸਬੰਧਤ ਠੇਕੇਦਾਰ ਦੀ ਲੇਬਰ ਤਿਓਹਾਰਾਂ ਸਬੰਧੀ ਆਪਣੇ ਪਿੰਡ ਗਈ ਹੋਈ ਹੈ ਜਿਸ ਕਰਕੇ ਪੁਲ ਦਾ ਕੰਮ ਬੰਦ ਪਿਆ ਹੈ।