ਮੁਖਤਿਆਰ ਨੌਗਾਵਾਂ
ਦੇਵੀਗੜ੍ਹ, 23 ਜੂਨ
ਜਲ ਸਪਲਾਈ ਵਿਭਾਗ ਵਲੋਂ ਕਸਬਾ ਦੇਵੀਗੜ੍ਹ ਵਿਚ ਇੱਕ ਨਵੀਂ ਪਾਣੀ ਦੀ ਟੈਂਕੀ ਲਗਾਈ ਜਾ ਰਹੀ ਹੈ। ਇਸ ਵਾਸਤੇ ਪਾਣੀ ਦੀ ਸਪਲਾਈ ਲਈ ਸੜਕ ਕਿਨਾਰੇ ਇੱਟਾਂ ਪੁੱਟ ਕੇ ਪਾਈਪ ਪਾਇਆ ਗਿਆ ਸੀ ਪਰ 20-25 ਦਿਨ ਬੀਤ ਜਾਣ ’ਤੇ ਵੀ ਇਹ ਪਈਆਂ ਇੱਟਾਂ ਦੁਬਾਰਾ ਉਸ ਥਾਂ ’ਤੇ ਫਿੱਟ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਕਸਬੇ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤੇ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਦੇਵੀਗੜ੍ਹ ਵਿਚ ਕਸਬਾ ਵਾਸੀਆਂ ਲਈ ਪਾਣੀ ਦੀ ਪੂਰਤੀ ਲਈ ਜਲ ਸਪਲਾਈ ਵਿਭਾਗ ਵੱਲੋਂ ਠੇਕੇਦਾਰ ਰਾਹੀਂ ਇੱਕ ਨਵਾਂ ਟਿਊਬਵੈੱਲ ਸੜਕ ਦੇ ਦੂਜੇ ਪਾਸੇ ਲਗਾਇਆ ਗਿਆ ਹੈ। ਇਸ ਦੀ ਸਪਲਾਈ ਵਾਸਤੇ ਠੇਕੇਦਾਰ ਨੇ ਮੇਨ ਸੜਕ ਦੇ ਦੋਵੇਂ ਪਾਸੇ ਲੱਗੀਆਂ 5-5 ਫੁੱਟ ਇੱਟਾਂ ਦੇ ਵਿਚਕਾਰ ਜੇਸੀਬੀ ਮਸ਼ੀਨ ਨਾਲ ਨਾਲੀ ਪੁੱਟ ਕੇ ਪਾਈਪ ਪਾਇਆ ਸੀ ਪਰ ਪਾਈਪ ਪਾਉਣ ਤੋਂ ਬਾਅਦ ਪੁੱਟੀਆਂ ਇੱਟਾਂ ਅਜੇ ਤੱਕ ਆਪਣੀ ਪੁਰਾਣੀ ਥਾਂ ’ਤੇ ਨਹੀਂ ਲਗਾਈਆਂ ਗਈਆਂ। ਇਸ ਕਰ ਕੇ ਸੜਕ ਦੇ ਦੋਵੇਂ ਪਾਸੇ ਇੱਟਾਂ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਲੋਕਾਂ ਦੇ ਚੱਲਣ ਲਈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਦੁਕਾਨਾਂ ਤੋਂ ਸੌਦਾ-ਪੱਤਾ ਅਤੇ ਹੋਰ ਸਾਮਾਨ ਖ਼ਰੀਦਣ ਲਈ ਆਉਣ ਵਾਲੇ ਲੋਕਾਂ ਲਈ ਇੱਟਾਂ ਅਢਿੱਕਾ ਬਣੀਆਂ ਹੋਈਆਂ ਹਨ ਜਿੱਥੇ ਕਿ ਗੱਡੀਆਂ ਖੜ੍ਹਾਉਣੀਆਂ ਔਖੀਆਂ ਹਨ।
ਇਸ ਸਬੰਧੀ ਜਦੋਂ ਜਲ ਸਪਲਾਈ ਵਿਭਾਗ ਦੇ ਐਸਡੀਓ ਤੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਇਹ ਕੰਮ ਠੇਕੇਦਾਰ ਨੇ ਹੀ ਕਰਨਾ ਹੈ। ਇਸ ਲਈ ਇੱਟਾਂ ਚੁੱਕਣ ਦਾ ਕੰਮ ਜੋ ਅਧੂਰਾ ਪਿਆ ਹੈ, ਇਸ ਲਈ ਉਸ ਨੂੰ ਜਲਦੀ ਕੰਮ ਨਬਿੇੜਨ ਲਈ ਕਿਹਾ ਗਿਆ ਹੈ।
ਇਸ ਬਾਰੇ ਜਦੋਂ ਸਬੰਧਿਤ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਅੱਜ-ਕੱਲ੍ਹ ਖੇਤਾਂ ਝੋਨਾ ਲੱਗ ਰਿਹਾ ਹੈ ਇਸ ਕਰ ਕੇ ਮਜ਼ਦੂਰ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਜਦੋਂ ਵੀ ਮਜ਼ਦੂਰ ਮਿਲ ਜਾਂਦੇ ਹਨ ਤਾਂ ਇੱਟਾਂ ਸਹੀ ਥਾਂ ’ਤੇ ਲਗਵਾ ਦਿੱਤੀਆਂ ਜਾਣਗੀਆਂ।