ਖੇਤਰੀ ਪ੍ਰਤੀਨਿਧ
ਪਟਿਆਲਾ, 29 ਮਈ
ਪਸ਼ੂ ਪਾਲਣ ਵਿਭਾਗ ਦੇ ਕੁੱਲੇਮਾਜਰਾ ਫਾਰਮ ਦੇ ਪਸ਼ੂ ਪਾਲਣ ਮੁਲਾਜ਼ਮਾਂ ਨੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਸਮੁੱਚੇ ਕੰਮ ਦਾ ਬਾਈਕਾਟ ਕਰਕੇ ਪੱਕਾ ਮੋਰਚਾ ਸ਼ੁਰੂ ਕੀਤਾ ਹੈ। ਇਸ ਦੀ ਅਗਵਾਈ ਅਰੂਨ ਕੁਮਾਰ, ਪ੍ਰੇਮ ਸਿੰਘ, ਸ਼ਿਵ ਸਿੰਘ, ਬੰਤ ਸਿੰਘ ਕਰ ਰਹੇ ਹਨ। ਇਸ ਇਕੱਤਰਤਾ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਖ਼ਾਨਪੁਰ, ਜਸਵਿੰਦਰ ਸਿੰਘ ਸੌਜਾ, ਭਜਨ ਸਿੰਘ ਲੰਗ, ਮੋਤੀ ਰਾਮ ਅਤੇ ਗੁਰਦੀਪ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਤਿ ਦੀ ਮਹਿੰਗਾਈ ਤੇ ਕੜਕਦੀ ਧੁੱਪ ਵਿਚ ਫਾਰਮ ਦੇ ਅੰਦਰ ਪਸ਼ੂਆਂ ਲਈ ਹਰਾ ਚਾਰਾ ਪੈਦਾ ਕਰਨ ਵਾਲੇ ਵਰਕਰਾਂ ਨੂੰ ਵੀ ਚਾਰ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਤੋਂ ਗੁਜ਼ਾਰਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਦਾ ਘਰੇਲੂ ਬਜਟ ਤਹਿਸ ਨਹਿਸ ਹੋ ਗਿਆ ਹੈ। ਸਰਕਾਰੀ ਫਾਰਮ ’ਚ ਕੰਮ ਕਰਦੇ ਹੋਏ ਵੀ ਉਨ੍ਹਾਂ ਨੂੰ ਚੁੱਲ੍ਹੇ ਬਾਲਣੇ ਮੁਸ਼ਕਲ ਹੋ ਗਏ ਹਨ। ਵਿਭਾਗ ਦੇ ਅਧਿਕਾਰੀਆਂ ਵੱਲੋਂ ਕਈ ਵਾਰ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਤਨਖਾਹਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ। ਤਨਖਾਹਾਂ ਮੰਗਣ ’ਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੰਮ ਤੋਂ ਹਟਾਉਣ ਅਤੇ ਬਾਹਰੀ ਜ਼ਿਲ੍ਹਿਆਂ ਵਿਚ ਬਦਲੀਆਂ ਕਰਨ ਦੀਆਂ ਧਮਕਿਆ ਦਿੱਤੀਆਂ ਜਾ ਰਹੀਆਂ ਹਨ। ਵਰਕਰਾਂ ਨੇ ਤੰਗ ਆ ਕੇ ਆਖਰ ਕੰਮ ਦਾ ਬਾਈਕਾਟ ਕਰਕੇ ਫਰਮ ਮੂਹਰੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਲਿਆ ਹੈ। ਇਸ ਮੌਕੇ ਤਰਸੇਮ ਮਿੱਠੂ, ਮਨਪ੍ਰੀਤ ਸਿੰਘ, ਮੋਹਨ ਲਾਲ, ਅਮਰੀਕ ਸਿੰਘ, ਤਰਸੇਮ ਸਿੰਘ, ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਮੋਰਚਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਵਰਕਰਾਂ ਨੂੰ ਤਨਖਾਹਾਂ ਨਹੀਂ ਮਿਲ ਜਾਂਦੀਆਂ।