ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਦਸੰਬਰ
ਸਥਾਨਕ ਸਰਕਾਰੀ ਰਾਜਿੰਦਰਾ ਹਸਪਤਾਲ਼ ਮਾਲਵਾ ਖੇਤਰ ਦਾ ਵੱਡਾ ਅਤੇ ਪ੍ਰਮੁੱਖ ਹਸਪਤਾਲ਼ ਹੈ। ਇੱਥੇ ਹੋਰਨਾ ਸੂਬਿਆਂ ਤੋਂ ਵੀ ਮਰੀਜ਼ਾਂ ਦੀ ਆਮਦ ਰਹਿੰਦੀ ਹੈ ਪਰ ਮੰਗਾਂ ਦੀ ਪੂਰਤੀ ਲਈ ਇੱਥੋਂ ਦੇ ਰੈਗੂਲਰ ਅਤੇ ਕੰਟਰੈਕਟ ਆਧਾਰਿਤ ਨਰਸਿੰਗ ਸਟਾਫ਼ ਸਣੇ ਚੌਥਾ ਦਰਜਾ ਆਦਿ ਮੁਲਾਜ਼ਮਾਂ ਨੇ ਕਈ ਦਿਨਾ ਤੋਂ ਹੜਤਾਲ਼ ਕੀਤੀ ਹੋਈ ਹੈ। ਸਰਕਾਰ ’ਤੇ ਦਬਾਅ ਵਧਾਉਣ ਲਈ ਐਮਰਜੈਂਸੀ ਡਿਊਟੀਆਂ ਦਾ ਵੀ ਬਾਈਕਾਟ ਕੀਤਾ ਹੋਇਆ ਹੈ। ਪਰ ਅੱਜ ਜੂਨੀਅਰ ਡਾਕਟਰਾਂ ਨੇ ਵੀ ਆਪਣੇ ਆਪ ਨੂੰ ਐਮਰਜੈਂਸੀ ਸੇਵਾਵਾਂ ਤੋਂ ਵੱਖ ਕਰ ਲਿਆ ਹੈ। ਉਹ ਨੀਟ ਦੇ ਟੈਸਟ ਦੀ ਕੌਂਸਲਿੰਗ ਜਲਦੀ ਕਰਵਾਉਣ ਦੀ ਮੰਗ ਕਰ ਰਹੇ ਹਨ। ਉਧਰ, ਸੀਨੀਅਰ ਡਾਕਟਰਾਂ ਦਾ ਭਾਵੇਂ ਬਾਈਕਾਟ ਆਦਿ ਨਾਲ਼ ਕੋਈ ਸਬੰਧ ਨਹੀਂ ਹੈ, ਪਰ 200 ਵਿੱਚੋਂ 80 ਤੋਂ ਵੱਧ ਸੀਨੀਅਰ ਡਾਕਟਰ ਸਰਦੀਆਂ ਦੀਆਂ ਛੁੱਟੀਆਂ ’ਤੇ ਚਲੇ ਗਏ ਹਨ ਜਿਸ ਕਾਰਨ ਸਮੱਸਿਆ ਹੋਰ ਵਧ ਗਈ ਹੈ। ਕੰਟਰੈਕਟ ਆਧਾਰਿਤ ਨਰਸਿੰਗ ਸਟਾਫ਼ ਸਣੇ ਹੋਰ ਮੁਲਾਜ਼ਮ ਪਹਿਲਾਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਫਿਰ ਪੇਅ ਗਰੇਡ ਘਟਾਉਣ ਕਾਰਨ ਰੈਗੂਲਰ ਨਰਸਿੰਗ ਸਟਾਫ਼ ਵੀ ਹੜਤਾਲ਼ ’ਤੇ ਚਲਾ ਗਿਆ। ਜੁਆਇੰਟ ਐਕਸ਼ਨ ਕਮੇਟੀ ਬਣਾ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਲੜਿਆ ਜਾ ਰਿਹਾ ਹੈ। ਸੰਘਰਸ਼ ’ਚ ਸ਼ਾਮਲ ਪਰਮਜੀਤ ਕੌਰ ਸੰਧੂ, ਮਨਪ੍ਰ੍ਰੀਤ ਕੌਰ ਮੋਗਾ, ਮਨਪ੍ਰੀਤ ਕੌਰ ਚੰਦੜ, ਗੁਰਪਮੀਤ ਕੌਰ ਜਸਧੌਲ਼, ਕੁਲਵਿੰਦਰ ਕੌਰ, ਕੁਲਦੀਪ ਸਿੰਘ ਆਦਿ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ।
ਹੜਤਾਲ਼ੀ ਮੁਲਾਜ਼ਮਾਂ ਨੇ ਅੱਜ ਰਾਜਿੰਦਰਾ ਹਸਪਤਾਲ ਦੇ ਬਾਹਰ ਕੌਮੀ ਮਾਰਗ ’ਤੇ ਧਰਨਾ ਮਾਰ ਕੇ ਰੋਸ ਪ੍ਰਗਟਾਇਆ। ਇਸ ਦੌਰਾਨ ਕਿਸਾਨ ਆਗੂ ਰਣਜੀਤ ਸਵਾਜਪੁਰ, ਹਰਜਿੰਦਰ ਢੈਂਠਲ਼, ਅਵਤਾਰ ਕੌਰਜੀਵਾਲ਼ਾ, ਜਸਦੇਵ ਸਿੰਘ ਨੂਗੀ, ਹਰੀ ਸਿੰਘ ਢੀਂਡਸਾ, ਬਲਵਿੰਦਰ ਦੌਣਕਲਾਂ ਸਣੇ ਹੋਰਨਾ ਨੇ ਵੀ ਸ਼ਿਰਕਤ ਕੀਤੀ। ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਵਰਨ ਸਿੰਘ ਬੰਗਾ, ਰਾਮ ਕਿਸ਼ਨ, ਕਾਕਾ ਸਿੰਘ ਪਹਾੜੀਪੁਰ, ਕਰਮਚਾਰੀ ਦਲ ਦੇ ਆਗੂ ਗਿਆਨੀ ਸੁਰਿੰਦਰ ਸਿੰਘ ਫਰੀਦਪੁਰ, ਬਚਿੱਤਰ ਸਿੰਘ ਤੇ ਹੋਰਾਂ ਨੇ ਵੀ ਇਨ੍ਹਾਂ ਮੁਲਾਜ਼ਮਾਂ ਦੀ ਮੰਗ ਦੀ ਪੂਰਤੀ ’ਤੇ ਜ਼ੋਰ ਦਿੱਤਾ ਹੈ। ਉਧਰ, ਜੂਨੀਅਰ ਰੈਜੀਡੈਂਟਸ ਡਾਕਟਰਜ਼ ਐਸੋਸੀਏਸ਼ਨ ਨੇ ਵੀ ਅੱਜ ਡਾ. ਪ੍ਰਭਦੀਪ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰ ਕੇ ਐਮਰਜੈਂਸੀ ਸੇਵਾਵਾਂ ਦਾ ਵੀ ਬਾਈਕਾਟ ਕਰ ਦਿੱਤਾ। ਪਹਿਲਾਂ ਹੀ ਓਪੀਡੀ ਦਾ ਬਾਈਕਾਟ ਜਾਰੀ ਹੈ। ਜੂਨੀਅਰ ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ ਕਾਰਨ ਨੀਟ ਦੀ ਕੌਂਸਲਿੰਗ ਨਹੀਂ ਹੋਈ, ਇਹ ਫੌਰੀ ਕਰਵਾਈ ਜਾਵੇ।
ਭਾਜਪਾ ਦੇ ਸੂਬਾਈ ਆਗੂ ਗੁਰਤੋਜ ਢਿੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਨੇ ਸਿਹਤ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ, ਸਰਕਾਰ ਤੋਂ ਇਨ੍ਹਾਂ ਦੀਆਂ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ ਹੈ।