ਪਟਿਆਲਾ(ਸਰਬਜੀਤ ਸਿੰਘ ਭੰਗੂ) ਸ਼ਾਹੀ ਸ਼ਹਿਰ ਪਟਿਆਲਾ ’ਚ ਅੱਜ ਲਗਾਤਾਰ ਦੂਜੇ ਦਿਨ ਭਾਰੀ ਮੀਂਹ ਪਿਆ। ਇਸ ਦੌਰਾਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਮੀਂਹ ਫਸਲਾਂ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਇਥੇ ਕੱਲ੍ਹ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ। ਪਟਿਆਲਾ ਵਿੱਚ 43.0 ਐਮਐਮ, ਨਾਭਾ ’ਚ 25.0 ਐਮਐਮ, ਸਮਾਣਾ ਵਿੱਚ 9.0 ਐਮਐਮ ਜਦਕਿ ਰਾਜਪੁਰਾ ਵਿਚ 8.0 ਐਮਐਮ ਮੀਂਹ ਪਿਆ।
ਉਧਰ ਅੱਜ ਪਏ ਮੀਂਹ ਨੇ ਸ਼ਾਹੀ ਸ਼ਹਿਰ ਨੂੰ ਜਲ ਥਲ ਕਰ ਦਿੱਤਾ। ਇਥੋਂ ਤੱਕ ਕਿ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ਵੀ ਪਾਣੀ ਨਾਲ ਭਰੀਆਂ ਰਹੀਆਂ। ਇਸ ਤੋਂ ਇਲਾਵਾ ਇਥੋਂ ਦੀਆਂ ਕੁਝ ਸਰਕਾਰੀ ਇਮਾਰਤਾਂ ਸਮੇਤ ਸ਼ਹਿਰ ਦੇ ਹੋਰ ਨੀਵੇਂ ਖੇਤਰਾਂ ਵਿਚ ਵੀ ਮੀਂਹ ਦਾ ਪਾਣੀ ਭਰਿਆ ਰਿਹਾ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਉਂਜ ਨਗਰ ਨਿਗਮ ਅਧਿਕਾਰੀਆਂ ਦਾ ਤਰਕ ਸੀ ਕਿ ਪਾਣੀ ਦੀ ਨਿਕਾਸੀ ਸਬੰਧੀ ਨਿਗਮ ਵੱਲੋਂ ਪਿਛਲੇ ਸਮੇਂ ’ਚ ਕੀਤੇ ਗਏ ਕਾਰਜਾਂ ਕਾਰਨ ਸ਼ਹਿਰ ਵਾਸੀਆਂ ਨੂੰ ਹੁਣ ਪਹਿਲਾਂ ਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸੜਕਾਂ ’ਤੇ ਜਮ੍ਹਾਂ ਪਾਣੀ ਛੇਤੀ ਹੀ ਹੇਠਾਂ ਚਲਾ ਜਾਂਦਾ ਹੈ।
ਉਧਰ, ਪਟਿਆਲਾ ਦਿਹਾਤੀ ਹਲਕੇ ਤੋਂ ਭਾਜਪਾ ਦੀ ਤਰਫ਼ੋਂ ਚੋਣ ਲੜਨ ਦੇ ਚਾਹਵਾਨ ਗੁਰਤੇਜ ਸਿੰਘ ਢਿੱਲੋਂ ਅਤੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਰਹਿੰਦਰ ਕੋਹਲੀ ਸਮੇਤ ਕਈ ਹੋਰਨਾਂ ਦਾ ਕਹਿਣਾ ਸੀ ਕਿ ਪਟਿਆਲਾ ਸ਼ਹਿਰ ਦੇ ਵਿਧਾਇਕ ਵਜੋਂ ਕੈਪਟਨ ਅਮਰਿੰਦਰ ਸਿੰਘ ਦੇ ਦੂਜੀ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਪਟਿਆਲਾ ਸ਼ਹਿਰ ਦੇ ਲੋਕ ਅਜੇ ਵੀ ਪਾਣੀ ਦੀ ਨਿਕਾਸੀ ਸਬੰਧੀ ਮੁਸ਼ਕਲਾਂ ਤੋਂ ਸੁਰਖਰੂ ਨਹੀਂ ਹੋਏ।
ਉਧਰ, ਜ਼ਿਲ੍ਹਾ ਖੇਤੀਬਾੜੀ ਅਫਸਰ ਜੇਪੀਐਸ ਗਰੇਵਾਲ ਦਾ ਕਹਿਣਾ ਸੀ ਕਿ ਇਹ ਮੀਂਹ ਝੋਨੇ ਸਮੇਤ ਹੋਰ ਸਾਰੀਆਂ ਫਸਲਾਂ ਲਈ ਲਾਹੇਵੰਦਾ ਹੈ। ਉਨ੍ਹਾਂ ਨੇ ਮੀਂਹ ਦਾ ਸਬਜ਼ੀਆਂ ਨੂੰ ਵੀ ਫਾਇਦਾ ਹੋਣ ਦੀ ਗੱਲ ਆਖੀ।