ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਕਤੂਬਰ
ਪਟਿਆਲਾ ਜ਼ਿਲ੍ਹੇ ਲਈ ‘ਸੜਕ ਸੁਰੱਖਿਆ ਵਿਸ਼ਲੇਸ਼ਣ ਅਤੇ ਹਾਦਸਿਆਂ ਵਾਲੇ ਕਾਲੇ ਸਥਾਨਾਂ ਦੀ ਪਛਾਣ’ ਸਬੰਧੀ ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ ਪ੍ਰਾਜੈਕਟ ਅਧੀਨ ਮਿਸ਼ਨ ਤੰਦਰੁਸਤ ਪੰਜਾਬ ਅਤੇ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ। 2016 ਤੋਂ 2018 ਤੱਕ ਦੇ ਅੰਕੜਿਆਂ ’ਤੇ ਆਧਾਰਿਤ ਇਸ ਰਿਪੋਰਟ ਦੌਰਾਨ ਜ਼ਿਲ੍ਹੇ ਵਿੱਚ ਅਕਸਰ ਵਾਪਰਦੇ ਸੜਕ ਹਾਦਸਿਆਂ ਦੇ ਕਾਰਨਾਂ ਵਜੋਂ ਪਹਿਚਾਣੇ ਗਏ 55 ਸਥਾਨਾਂ ਨੇ ਤਿੰਨਾਂ ਸਾਲਾਂ ’ਚ 1020 ਮਨੁੱਖੀ ਜਾਨਾਂ ਲਈਆਂ ਅਤੇ 654 ਵਿਅਕਤੀਆਂ ਜ਼ਖਮੀ ਵੀ ਹੋਏ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਵੱਲੋਂ ਅੱਜ ਇੱਥੇ ਜਾਰੀ ਕੀਤੀ ਗਈ ਇਸ ਰਿਪੋਰਟ ਅਨੁਸਾਰ ਪ੍ਰਤੀ 10 ਲੱਖ ਆਬਾਦੀ ਪਿੱਛੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਪੰਜਾਬ ’ਚ ਪ੍ਰਤੀ 10 ਲੱਖ ਆਬਾਦੀ ਪਿੱਛੇ 155 ਮੌਤਾਂ ਹੋਈਆਂ, ਜਦੋਂ ਕਿ ਪਟਿਆਲਾ ਜ਼ਿਲ੍ਹੇ ’ਚ 10 ਲੱਖ ਦੀ ਆਬਾਦੀ ਪਿੱਛੇ 221 ਮੌਤਾਂ ਹੋਈਆਂ। ਡੂੰਘਾਈ ਨਾਲ ਵਿਸ਼ਲੇਸ਼ਣ ਕਰ ਕੇ ਤਿਆਰ ਕੀਤੀ ਗਈ ਇਹ ਰਿਪੋਰਟ ਹਾਦਸਿਆਂ ਨੂੰ ਰੋਕਣ ਤੇ ਘਟਾਉਣ ’ਚ ਸਹਾਈ ਸਿੱਧ ਹੋਵੇਗੀ। ਪੰਜਾਬ ਸੜਕ ਸੁਰੱਖਿਆ ਪ੍ਰਾਜੈਕਟ ਦੇ ਮੈਨੇਜਰ ਡਾ. ਨਵਦੀਪ ਅਸੀਜਾ ਨੇ ਦੱਸਿਆ ਕਿ ਹਾਦਸਿਆਂ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਹਰ ਮਹੀਨੇ ਔਸਤ 28 ਲੋਕ ਜਾਨਾਂ ਗਵਾਉਂਦੇ ਹਨ। 2016 ’ਚ 326 ਮੌਤਾਂ ਹੋਈਆਂ। 2017 ਦੌਰਾਨ ਇਹ ਅੰਕੜਾ ਘੱਟ ਕੇ ਭਾਵੇਂ ਕਿ 299 ਰਹਿ ਗਿਆ, ਪ੍ਰੰਤੂ 2018 ’ਚ ਇਹ ਗਰਾਫ ਮੁੜ ਵਧ ਕੇ 395 ’ਤੇ ਅੱਪੜ ਗਿਆ ਜਦੋਂ ਕਿ ਪੂਰੇ ਪੰਜਾਬ ਅੰਦਰ ਇਸ ਅੰਕੜੇ ’ਚ 6 ਫ਼ੀਸਦੀ ਵਾਧਾ ਦਰਜ ਕੀਤਾ ਗਿਆ।
ਸਾਲ 2018 ਦੌਰਾਨ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਸੜਕ ਹਾਦਸਿਆਂ ’ਚ ਮੌਤਾਂ ਲਈ ਓਵਰਹਾਲ ਰੈਂਕਿੰਗ ’ਚ ਪਟਿਆਲਾ ਦਾ 221 ਵਾਂ ਅਤੇ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਚੌਥਾ ਸਥਾਨ ਰਿਹਾ। ਪਟਿਆਲਾ ਜ਼ਿਲ੍ਹੇ ’ਚੋਂ ਲੰਘਦਾ ਸਾਰੇ ਦਾ ਸਾਰਾ 146.39 ਕਿਲੋਮੀਟਰ ਲੰਬਾ ਕੌਮੀ ਮਾਰਗ ਹਾਦਸਿਆਂ ਵਾਲਾ ਸੰਭਾਵਿਤ ਖੇਤਰ ਹੈ। ਪਟਿਆਲਾ ’ਚ 35 ਫੀਸਦੀ ਮੌਤਾਂ ਕੌਮੀ ਮਾਰਗਾਂ ’ਤੇ ਅਤੇ 20 ਫੀਸਦੀ ਰਾਜ ਮਾਰਗਾਂ ’ਤੇ ਵਾਪਰੇ ਹਾਦਸਿਆਂ ’ਚ ਹੋਈਆਂ। ਜ਼ਿਲ੍ਹੇ ’ਚੋਂ ਲੰਘਦੇ ਕੌਮੀ ਮਾਰਗ ’ਤੇ ਮੌਤ ਦਰ ਤਿੰਨ ਸਾਲਾਂ ’ਚ ਪ੍ਰਤੀ ਕਿਲੋਮੀਟਰ 0.41 ਰਹੀ ਹੈ। 25 ਹਾਦਸਾਗ੍ਰਸਤ ਉਹ ਕਾਲ਼ੇ ਸਥਾਨ ਵੀ ਲੱਭੇ ਗਏ, ਜੋ ਕਿ ਹਾਦਸਿਆਂ ਲਈ ਗੰਭੀਰ ਮੰਨੇ ਗਏ ਹਨ।