ਖੇਤਰੀ ਪ੍ਰਤੀਨਿਧ
ਪਟਿਆਲਾ, 22 ਜੁਲਾਈ
ਡੀਸੀ ਸਾਕਸ਼ੀ ਸਾਹਨੀ ਨੇ ਅੱਜ ਇਥੇ ‘ਡੈਡੀਕੇਟਿਡ ਬ੍ਰਦਰਜ਼ ਗਰੁੱਪ’ ਵੱਲੋਂ ਪ੍ਰਧਾਨ ਰਾਕੇਸ਼ ਵਰਮੀ ਦੇ ਯਤਨਾ ਸਦਕਾ ਖ਼ੂਨਦਾਨੀਆਂ ਦੇ ਸਨਮਾਨ ’ਚ ਰੱਖੇ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨ ਦੀ ਇੱਕ-ਇੱਕ ਬੂੰਦ ਕੀਮਤੀ ਹੈ, ਜੋ ਕਿਸੇ ਵੀ ਮਰਦੇ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ। ਉਨ੍ਹਾਂ ਤੰਦਰੁਸਤ ਵਿਅਕਤੀਆਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ। ਸੰਸਥਾ ਦੇ ਸੰਯੁਕਤ ਸਕੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ 1995 ਤੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਅਤੇ ਨਾਲ਼ ਲੱਗਦੇ ਖੇਤਰਾਂ ’ਚ 28 ਪ੍ਰਾਜੈਕਟਾਂ ਰਾਹੀਂ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ ਤੇ ਇਸ ਸੰਸਥਾ ਦੇ 2800 ਵਾਲੰਟੀਅਰ ਐਮਰਜੈਂਸੀ ਸਮੇਂ ਖ਼ੂਨਦਾਨ ਕਰਨ ਲਈ ਤਿਆਰ ਰਹਿੰਦੇ ਹਨ। ਇਸ ਮੌਕੇ ਏਡੀਸੀ ਈਸ਼ਾ ਸਿੰਘਲ, ਸੰਸਥਾ ਦੇ ਪ੍ਰਧਾਨ ਰਾਕੇਸ਼ ਵਰਮੀ, ਹਰਪ੍ਰੀਤ ਸੰਧੂ, ਜਸਪ੍ਰੀਤ ਸਿੰਘ, ਰਮਜ਼ਾਨ ਮੁਹੰਮਦ, ਮਨਜੀਤ ਕੌਰ, ਹਰਜੀਤ ਕੌਰ, ਕੈਪਟਨ ਤਾਜ ਮੁਹੰਮਦ, ਅਮਰਜੀਤ ਸਿੰਘ ਜਾਗਦੇ ਰਹੋ ਤੇ ਚਰਨਜੀਤ ਸਿੰਘ ਬਿਸ਼ਨਗੜ੍ਹ ਮੌਜੂਦ ਸਨ।
ਡੀਸੀ ਵੱਲੋਂ ਵਿਕਾਸ ਕਾਰਜਾਂ ਦੀ ਸਮੀਖਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇ। ਬੀਡੀਪੀਓਜ਼ ਕੰਮਾਂ ਦੀ ਖੁਦ ਨਿਗਰਾਨੀ ਕਰਨਾ ਯਕੀਨੀ ਬਣਾਉਣ, ਤਾਂ ਜੋ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਸਮੇਂ ਸਮੇਂ ’ਤੇ ਪਤਾ ਲੱਗੇ ਸਕੇ। ਸਮਾਰਟ ਵਿਲੇਜ਼ ਕੰਪੇਨ ਦੀ ਪ੍ਰਗਤੀ ਰਿਪੋਰਟ ਵਾਚਦਿਆਂ, ਉਨ੍ਹਾਂ ਅਧਿਕਾਰੀਆਂ ਨੂੰ 15 ਦਿਨਾਂ ਦੇ ਅੰਦਰ ਇਸ ਦੇ ਵਰਤੋਂ ਸਰਟੀਫਿਕੇਟ ਜਮਾਂ ਕਰਵਾਉਣ ਦੀ ਹਦਾਇਤ ਕੀਤੀ। ਡੀਸੀ ਨੇ ਪੰਜਾਬ ਨਿਰਮਾਣ ਪ੍ਰੋਗਰਾਮ, ਐੱਮਪੀ ਲੈਡ ਸਕੀਮ, ਅਨ-ਟਾਈਡ ਫੰਡ, ਮਹਾਤਮਾ ਗਾਂਧੀ ਨਰੇਗਾ ਸਕੀਮ, ਪੇਂਡੂ ਖੇਡ ਸਟੇਡੀਅਮ, ਜਨ ਸੁਵਿਧਾ ਕੈਂਪ, ਅੰਮ੍ਰਿਤ ਸਰੋਵਰ ਸਮੇਤ ਪਿੰਡਾਂ ’ਚ ਚੱਲ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ। ਜਿਸ ਦੌਰਾਨ ਅਧਿਕਾਰੀਆਂ ਨੂੰ ਹਦਾਇਤਾਂ ’ਤੇ ਕੀਤੀ ਗਈ ਕਾਰਵਾਈ ਸਬੰਧੀ ਅਗਲੀ ਮਹੀਨਾਵਾਰ ਮੀਟਿੰਗ ’ਚ ਰਿਪੋਰਟ ਦੇਣ ਲਈ ਆਖਿਆ।