ਗੁਰਨਾਮ ਸਿੰਘ ਚੌਹਾਨ
ਪਾਤੜਾਂ, 30 ਅਕਤੂਬਰ
ਇਥੇ ਹੋਰਨਾਂ ਸੂਬਿਆਂ ਤੋਂ ਆ ਰਹੇ ਝੋਨੇ ਨੂੰ ਰੋਕਣ ਲਈ ਪੰਜਾਬ ਤੇ ਹਰਿਆਣਾ ਦੀ ਸਰਹੱਦ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ’ਤੇ ਪਿੰਡ ਢਾਬੀਗੁੱਜਰਾਂ ਵਿੱਚ ਮਾਰਕੀਟ ਕਮੇਟੀ ਪਾਤੜਾਂ ਅਤੇ ਪੁਲੀਸ ਵੱਲੋਂ ਸਾਂਝਾ ਨਾਕਾ ਲਗਾਇਆ ਗਿਆ ਹੈ। ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ 28 ਅਕਤੂਬਰ ਦੀ ਰਾਤ ਨੂੰ ਝੋਨੇ ਦੇ ਦੋ ਟਰੱਕਾਂ ਨੂੰ ਕਾਬੂ ਕਰ ਲਿਆ ਗਿਆ। ਸ਼ੁਤਰਾਣਾ ਪੁਲੀਸ ਨੇ ਮੁੱਢਲੀ ਪੜਤਾਲ ਮਗਰੋਂ ਦੋਵੇਂ ਟਰੱਕਾਂ ਦੇ ਚਾਲਕਾਂ ਅਤੇ ਝੋਨਾ ਲਿਆਉਣ ਵਾਲੀਆਂ ਦੋ ਫਰਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਯੂਪੀ ਤੇ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਮਾਰਕੀਟ ਕਮੇਟੀ ਤੇ ਪੁਲੀਸ ਵੱਲੋਂ ਹਰਿਆਣਾ ਰਾਜ ਦੀਆਂ ਹੱਦਾਂ ’ਤੇ ਸਾਂਝੇ ਤੌਰ ’ਤੇ ਨਾਕੇਬੰਦੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਹੈ ਕਿ ਬੀਤੀ ਦੇਰ ਸ਼ਾਮ ਹਰਿਆਣੇ ਵੱਲੋਂ ਪੰਜਾਬ ’ਚ ਦਾਖਲ ਹੁੰਦੇ ਝੋਨੇ ਦੇ ਭਰੇ ਹੋਏ ਦੋ ਟਰੱਕਾਂ ਨੂੰ ਰੋਕ ਕੇ ਜਾਂਚ ਕੀਤੀ ਤਾਂ ਉਨ੍ਹਾਂ ’ਚ ਪਰਮਲ ਝੋਨਾ ਪਾਇਆ ਗਿਆ ਜਿਨ੍ਹਾਂ ਦਾ ਵਜ਼ਨ 350 ਕੁਇੰਟਲ ਦੇ ਕਰੀਬ ਸੀ। ਉਨ੍ਹਾਂ ਦੱਸਿਆ ਹੈ ਕਿ ਇਕ ਟਰੱਕ ਵਿੱਚ ਬੋਰੀਆਂ ’ਚ ਭਰਿਆ ਹੋਇਆ ਝੋਨਾ ਸੀ ਤੇ ਦੂਸਰੇ ਟਰਾਲੇ ਵਿੱਚ ਬਿਨਾਂ ਬੋਰੀਆਂ ਤੋਂ ਭਰਿਆ ਹੋਇਆ ਝੋਨਾ ਸੀ। ਜ਼ਿਕਰਯੋਗ ਹੈ ਕਿ ਇਸ ਵਾਰ ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਝੋਨਾ ਮਹਿੰਗਾ ਵਿਕਣ ਅਤੇ ਕੋਈ ਰੋਕ-ਟੋਕ ਨਾ ਹੋਣ ਦੇ ਬਾਵਜੂਦ ਦੂਸਰੇ ਰਾਜਾਂ ਤੋਂ ਝੋਨੇ ਦਾ ਪੰਜਾਬ ਆਉਣਾ ਹੈਰਾਨੀਜਨਕ ਤੱਥ ਹੈ।
ਝੋਨਾ ਭੇਜਣ ਵਾਲੀਆਂ ਫਰਮਾਂ ਤੇ ਟਰੱਕ ਡਰਾਈਵਰ ਨਾਮਜ਼ਦ
ਥਾਣਾ ਮੁਖੀ ਸ਼ੁਤਰਾਣਾ ਸਬ-ਇੰਸਪੈਕਟਰ ਮੋਹਣ ਸਿੰਘ ਨੇ ਕਿਹਾ ਕਿ ਝੋਨੇ ਦੇ ਭਰੇ ਹੋਏ ਟਰੱਕਾਂ ਨੂੰ ਕਾਬੂ ਕਰਕੇ ਦੋਹਾਂ ਡਰਾਈਵਰਾਂ ਸਣੇ ਝੋਨਾ ਲਿਆਉਣ ਵਾਲੀ ਫ਼ਰਮ ਜੋਗੀ ਰਾਮ ਓਮ ਪ੍ਰਕਾਸ਼ ਨਵੀਂ ਅਨਾਜ ਮੰਡੀ ਨਰਵਾਣਾ (ਹਰਿਆਣਾ) ਤੇ ਫ਼ਰਮ ਰਾਮ ਨਿਵਾਸ ਐਂਡ ਸੰਨਜ਼ ਖਨੌਰੀ ਮੰਡੀ ਪੰਜਾਬ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।