ਘਨੌਰ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਪੱਧਰੀ ਮੀਟਿੰਗ ਹਰਵਿੰਦਰ ਸਿੰਘ ਮਿੱਠੂ ਉਕਸੀ ਅਤੇ ਗੁਰਜੀਤ ਸਿੰਘ ਸਰਾਲਾ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਮੌਕੇ ਯੂਨੀਅਨ ਵੱਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪਟਿਆਲਾ ਦੇ ਦਫ਼ਤਰ ਸਾਹਮਣੇ ਪਰਾਲੀ ਦੇ ਮੁੱਦੇ ਸਬੰਧੀ 6 ਅਕਤੂਬਰ ਨੂੰ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਯੂਨੀਅਨ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਝੁੰਗੀਆਂ, ਗੁਰਦੀਪ ਸਿੰਘ ਰੁੜਕੀ ਅਤੇ ਨਰਾਤਾ ਸਿੰਘ ਅਲਾਮਦੀਪੁਰ ਨੇ ਆਖਿਆ ਕਿ ਕਿਸਾਨ ਝੋਨੇ ਦੀ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਸਾਂਭਣ ਲਈ ਤਿਆਰ ਹਨ ਪਰ ਸਰਕਾਰ ਉਨ੍ਹਾਂ ਨੂੰ ਲੋੜੀਦੀ ਖੇਤੀ ਮਸ਼ੀਨਰੀ(ਸੰਦ) ਬਿਨਾਂ ਦੇਰੀ ਮੁਹਈਆ ਕਰਵਾਵੇ। ਉਨ੍ਹਾਂ ਕਿਹਾ ਕਿ ਭਾਵੇਂ ਕਿ ਉਹ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਚਾਹੁੰਦੇ ਹਨ ਪਰ ਪੰਜਾਬ ਸਰਕਾਰ ਕੋਈ ਸਹਿਯੋਗ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਧਰਨੇ ਵਿੱਚ ਵੱਡੀ ਗਿਣਤੀ ਕਿਸਾਨ ਸ਼ਿਰਕਤ ਕਰਨਗੇ। -ਪੱਤਰ ਪ੍ਰੇਰਕ