ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਦਸੰਬਰ
‘ਆਪ’ ਵੱਲੋਂ ਡਾ. ਬਲਬੀਰ ਸਿੰਘ ਨੂੰ ਟਿਕਟ ਦੇਣ ਦੇ ਰੋਸ ’ਚ ਆਮ ਆਦਮੀ ਪਾਰਟੀ ਦੇ ਕਈ ਬਲਾਕ ਪ੍ਰਧਾਨ, ਸਰਕਲ ਪ੍ਰਧਾਨਾਂ ਅਤੇ ਸੂਬਾ ਆਹੁਦੇਦਾਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਦੀ ਟਿਕਟ ਦੇ ਮੁੱਖ ਦਾਅਵੇਦਾਰ ਜਸਦੀਪ ਸਿੰਘ ਨਿੱਕੂ ਨੇ ਦੋਸ਼ ਲਗਾਇਆ ਹੈ ਕਿ ਇਸ ਟਿਕਟ ਵਿਚ ਵੱਡੀ ਸੌਦੇਬਾਜ਼ੀ ਹੋਈ ਹੈ, ਜਸਦੀਪ ਸਿੰਘ ਨਿੱਕੂ ਨੇ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈ।
ਸ੍ਰੀ ਨਿੱਕੂ ਨੇ ਕਿਹਾ ਹੈ ਕਿ ਡਾ. ਬਲਬੀਰ ਸਿੰਘ ਨੇ ਹਲਕੇ ਵਿਚ ਕੋਈ ਕੰਮ ਨਹੀਂ ਕੀਤਾ ਤਾਂ ਫਿਰ ਵੀ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ, ਜਿਸ ਨਾਲ ਸਾਡੀ ਮਿਹਨਤ ਦਾ ਮੁਲ ਨਹੀ ਪਿਆ। ਇਸ ਮੌਕੇ ਵਾਲੰਟੀਅਰਾਂ ਨੇ ਜਸਦੀਪ ਸਿੰਘ ਨਿੱਕੂ ਦੇ ਪੱਖ ਵਿੱਚ ਨਾਅਰੇਬਾਜ਼ੀ ਕੀਤੀ ਤੇ ਅਰਵਿੰਦ ਕੇਜਰੀਵਾਲ ਵਿਰੁੱਧ ਵੀ ਨਾਅਰੇਬਾਜ਼ੀ ਕਰਦਿਆਂ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਯੂਥ ਸੂਬੇ ਦੇ ਜੁਆਇੰਟ ਸਕੱਤਰ ਖੁਸ਼ਵੰਤ ਸ਼ਰਮਾ, ਬਲਾਕ ਪ੍ਰਧਾਨ ਤੇਜਿੰਦਰ ਸਿੰਘ, ਰਜਨੀ ਸ਼ਰਮਾ ਬਲਾਕ ਪ੍ਰਧਾਨ, ਲਲਿਤ ਮਿੰਟੂ ਬਲਾਕ ਪ੍ਰਧਾਨ, ਜੋਗਾ ਸਿੰਘ ਟਰੇਡ ਵਿੰਗ ਜਨਰਲ ਸਕੱਤਰ, ਪਟਿਆਲਾ ਦਿਹਾਤੀ ਤੇ 9 ਸਰਕਲ ਪ੍ਰਧਾਨ, ਨਾਭਾ ਦੇ 12 ਸਰਕਲ ਪ੍ਰਧਾਨਾਂ ਸਮੇਤ ਕਈ ਸਾਰੇ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈ।
ਇਲਜ਼ਾਮਾਂ ਵਿੱਚ ਕੋਈ ਸਚਾਈ ਨਹੀਂ: ਬਲਬੀਰ ਸਿੰਘ
ਦੂਜੇ ਪਾਸੇ ਡਾ. ਬਲਬੀਰ ਸਿੰਘ ਅਜੇ ਰੁੱਸਿਆ ਨੂੰ ਮਨਾਉਣ ਵਿਚ ਹੀ ਰੁੱਝੇ ਹਨ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਤਾਂ ਜਸਦੀਪ ਸਿੰਘ ਨਿੱਕੂ ਨੂੰ ਵੀ ਫ਼ੋਨ ਕਰਕੇ ਪਾਰਟੀ ਵਿੱਚ ਰਹਿਣ ਲਈ ਕਿਹਾ ਸੀ। ਪਰ ਉਹ ਤਾਂ ਪਹਿਲਾਂ ਹੀ ਕਾਂਗਰਸੀ ਪਿਛੋਕੜ ਵਾਲੇ ਹਨ ਤੇ ਇਹ ਹਾਰ ਕੇ ਵੀ ਪਾਰਟੀ ਛੱਡਣ ਵਾਲੇ ਸਨ, ਜੋ ਅੱਜ ਹੀ ਪਾਰਟੀ ਛੱਡ ਰਹੇ ਹਨ। ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ ਬੇਬੁਨਿਆਦ ਹਨ, ਇਹ ਕੁਝ ਵੀ ਹੋਇਆ, ਸਾਰਾ ਰਾਜਨੀਤੀ ਨਾਲ ਪ੍ਰੇਰਿਤ ਹੈ।