ਖੇਤਰੀ ਪ੍ਰਤੀਨਿਧ
ਪਟਿਆਲਾ, 3 ਅਗਸਤ
ਸਕੂਲ ਸਿੱਖਿਆ ਵਿਭਾਗ ਵੱਲੋਂ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਬਦਲੀਆਂ ਕਰਨ ਪ੍ਰਤੀ ਅਪਣਾਏ ਢਿੱਲੇ ਰਵੱਈਏ ਦੀ ਨਿਖੇਧੀ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪਟਿਆਲਾ ਨੇ ਸਰਕਾਰ ਤੋਂ ਅਧਿਆਪਕਾਂ ਨੂੰ ਡਾਟਾ ਸੋਧਣ ਦਾ ਮੌਕਾ ਦਿੰਦੇ ਹੋਏ ਬਿਨਾਂ ਦੇਰੀ ਬਦਲੀ ਪ੍ਰਕਿਰਿਆ ਮੁਕੰਮਲ ਕਰਨ ਦੀ ਮੰਗ ਕੀਤੀ ਹੈ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾਈ ਆਗੂ ਡਾ. ਹਰਦੀਪ ਟੋਡਰਪੁਰ, ਜ਼ਿਲ੍ਹਾ ਪਟਿਆਲਾ ਪ੍ਰਧਾਨ ਅਤਿੰਦਰ ਘੱਗਾ ਨੇ ਕਿਹਾ ਕਿ ਮਈ ਦੇ ਅਖੀਰ ਵਿੱਚ ਅਧਿਆਪਕਾਂ ਤੋਂ ਬਦਲੀਆਂ ਦੀਆਂ ਬੇਨਤੀਆਂ ਲੈਣ ਉਪਰੰਤ ਸਿੱਖਿਆ ਵਿਭਾਗ ਗਹਿਰੀ ਨੀਂਦ ਸੌਂ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਬਦਲੀਆਂ ਦੀ ਪ੍ਰਕਿਰਿਆ ਕੁਝ ਦਿਨਾਂ ਵਿੱਚ ਹੀ ਪੂਰੀ ਹੋ ਸਕਦੀ ਹੈ, ਪਰ ਸੈਕੰਡਰੀ ਸਿੱਖਿਆ ਵਿਭਾਗ ਦੀ ਨਾਕਾਮੀ ਕਰਕੇ ਬਦਲੀਆਂ ਅਗਸਤ ਤੱਕ ਨਹੀਂ ਹੋ ਸਕੀਆਂ। ਉਨ੍ਹਾਂ ਕਿਹਾ ਕਿ ਬਦਲੀ ਨੀਤੀ ਤਹਿਤ ਪਹਿਲਾਂ ਹੋ ਚੁੱਕੀਆਂ ਜਿਹੜੀਆਂ ਬਦਲੀਆਂ ਨੂੰ ਪਿਛਲੇ ਸਮੇਂ ਵਿੱਚ ਅਧੂਰੇ ਢੰਗ ਨਾਲ ਲਾਗੂ ਕੀਤਾ ਗਿਆ ਸੀ, ਉਨ੍ਹਾਂ ਬਦਲੀਆਂ ‘ਤੇ ਲਗਾਈਆਂ ਸ਼ਰਤਾਂ ਹਟਾ ਕੇ ਅਧਿਆਪਕਾਂ ਨੂੰ ਬਦਲੀ ਵਾਲੇ ਸਟੇਸ਼ਨ ‘ਤੇ ਵਿੱਚ ਹਾਜ਼ਰ ਕਰਵਾਇਆ ਜਾਵੇ।