ਪੱਤਰ ਪ੍ਰੇਰਕ
ਦੇਵੀਗੜ੍ਹ, 8 ਜੁਲਾਈ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਅਨਾਜ ਮੰਡੀ ਦੁੱਧਨ ਸਾਧਾਂ ਵਿੱਚ ਹੋਈ। ਜਥੇਬੰਦੀ ਵੱਲੋਂ ਇਸ ਦੌਰਾਨ 10 ਜੁਲਾਈ ਤੋਂ ਪੰਜਾਬ ਭਰ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਅਹੁਦੇਦਾਰਾਂ ਦੀਆਂ ਸਰਕਲ ਵਾਈਜ਼ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਚਰਨ ਸਿੰਘ ਪਰੋੜ ਨੇ ਕਿਹਾ ਕਿ ਹਰ ਕਿਸਾਨ ਆਪਣੀ ਮੋਟਰ ’ਤੇ ਪੰਜ ਰੁੱਖ ਲਗਾਵੇ। ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਨੇ ਕਿਹਾ ਕਿ 5 ਅਗਸਤ ਨੂੰ ਜਥੇਬੰਦੀ ਵੱਲੋਂ ਪੰਜਾਬ ਦੇ ਡੈਮਾਂ ਤੇ ਕੇਂਦਰ ਵੱਲੋਂ ਮਾਰੇ ਜਾ ਰਹੇ ਡਾਕੇ ਵਿਰੁੱਧ ਵੱਡੀ ਰੈਲੀ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਜਥੇਬੰਦੀ ਵਿੱਚ ਬਲਾਕ ਪੱਧਰ ਦੇ ਖ਼ਾਲੀ ਪਏ ਅਹੁਦੇ ਭਰਦਿਆਂ ਇਕਬਾਲ ਸਿੰਘ ਜਲਾਲਾਬਾਦ ਨੂੰ ਖਜ਼ਾਨਚੀ, ਸੁਰਜੀਤ ਸਿੰਘ ਬਹਿਲ ਤੇ ਲਖਬੀਰ ਸਿੰਘ ਮਹਿਤਾਬਗੜ੍ਹ ਨੂੰ ਮੀਤ ਪ੍ਰਧਾਨ, ਅਵਤਾਰ ਸਿੰਘ ਉਲਟਪੁਰ ਤੇ ਜੀਵਨ ਸਿੰਘ ਬ੍ਰਹਮਪੁਰ ਨੂੰ ਸਕੱਤਰ ਬਲਾਕ ਭੁੱਨਰਹੇੜੀ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਭੁਪਿੰਦਰ ਸਿੰਘ ਦੁੱਧਨ, ਅਨੂਪ ਸਿੰਘ ਅਲੀਪੁਰ, ਕਰਮਜੀਤ ਸਿੰਘ ਜਲਾਲਾਬਾਦ, ਮਲਕੀਤ ਸਿੰਘ ਜੁਲਾਹਖੇੜੀ, ਬਲਜੀਤ ਸਿੰਘ ਦੁੱਧਨ, ਰਾਜਿੰਦਰ ਸਿੰਘ ਦੌਲਤਪੁਰ, ਕੁਲਦੀਪ ਸਿੰਘ ਅਲੀਪੁਰ ਆਦਿ ਕਿਸਾਨ ਆਗੂ ਮੌਜੂਦ ਸਨ।