ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਨਵੰਬਰ
ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਸੰਸਦ ਦੇ ਦੋਵੇਂ ਸਦਨਾਂ ਵਿੱਚ ਵਾਪਸ ਲੈਣ ਦੀ ਕਾਰਵਾਈ ਤੋਂ ਬਾਅਦ ਭਾਜਪਾ ਆਗੂਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਪਟਿਆਲਾ ਦਿਹਾਤੀ ਹਲਕੇ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਗੁਰਤੇਜ ਸਿੰਘ ਢਿੱਲੋਂ ਨੇ ਅੱਜ ਤ੍ਰਿਪੜੀ ਬਾਜ਼ਾਰ ਵਿਚਲੇ ਦੁਕਾਨਦਾਰਾਂ ਕੋਲ ਜਾ ਕੇ ਸਿੱਧਾ ਰਾਬਤਾ ਕਾਇਮ ਕੀਤਾ।
ਢਿੱਲੋਂ ਨੇ ਆਖਿਆ ਕਿ ਪਾਰਟੀ ਹਾਈਕਮਾਨ ਲੋਕਾਂ ਦੀ ਭਲਾਈ ਤੇ ਦੇਸ਼ ਦੇ ਹਿਤ ਦੀ ਰਾਖੀ ਅਤੇ ਵਿਕਾਸ ਲਈ ਵਚਨਬੱਧ ਹੈ। ਸੂਬੇ ਦੀ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਲੋਕਾਂ ਨੂੰ ਲੁਭਾਉਣ ਲਈ ਸਿਰਫ਼ ਤੇ ਸਿਰਫ਼ ਲਾਰਿਆਂ ਦਾ ‘ਕੜਾਹ’ ਬਣਾਉਣ ’ਚ ਲੱਗੀ ਹੋਈ ਹੈ ਜਦੋਂ ਕਿ ਕਾਂਗਰਸ ਵੱਲੋਂ ਕੀਤੇ ਜਾ ਰਹੇ ਐਲਾਨ ਅਸਲ ਸੱਚਾਈ ਤੋਂ ਕੋਹਾਂ ਦੂਰ ਹਨ। ਕਾਂਗਰਸ ਪਾਰਟੀ ਸੱਤਾ ਹਾਸਲ ਕਰਨ ਲਈ ਹੁਣ ਸਿਰਫ਼ ਐਲਾਨਾਂ ਦੀ ਰਾਜਨੀਤੀ ’ਤੇ ਉਤਾਰੂ ਹੋ ਚੁੱਕੀ ਹੈ। ਢਿੱਲੋਂ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਐਲਾਨ ਕਰਦੇ ਫਿਰਦੇ ਹਨ, ਜਦੋਂ ਕਿ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਉਨ੍ਹਾਂ ਦੇ ਐਲਾਨਾਂ ’ਤੇ ਕਿੰਤੂ ਕਰਦੇ ਫਿਰਦੇ ਹਨ।
ਇਸ ਮੌਕੇ ਵਿਨੀਤ ਸਹਿਗਲ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ ਸ਼ਹਿਰੀ, ਦਿਨੇਸ਼ ਤਨੇਜਾ, ਸੰਦੀਪ ਧਾਲੀਵਾਲ ਵੀ ਹਾਜ਼ਰ ਸਨ।