ਪੱਤਰ ਪ੍ਰੇਰਕ
ਪਾਤੜਾਂ, 25 ਅਕਤੂਬਰ
ਕੇਂਦਰ ਵਿੱਚਲੀ ਭਾਜਪਾ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਦੂਸਰੇ ਪਾਸੇ ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਨਰਮਾਈ ਨਾ ਵਰਤੇ ਜਾਣ ਤੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਰਕਰ ਤੇ ਅਹੁਦੇਦਾਰ ਡਾਢੇ ਪ੍ਰੇਸ਼ਾਨ ਹਨ। ਪਿਛਲੇ ਦਿਨੀਂ ਹਲਕਾ ਸ਼ੁਤਰਾਣਾ ਵਿਚ ਕੁੱਝ ਭਾਜਪਾ ਆਗੂਆਂ ਨੇ ਪਾਰਟੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਅਸਤੀਫ਼ੇ ਦੇ ਕੇ ਆਪਣੇ ਆਪ ਨੂੰ ਕਿਸਾਨਾਂ ਨਾਲ ਖੜ੍ਹਨ ਦਾ ਐਲਾਨ ਕੀਤਾ ਸੀ। ਪਾਰਟੀ ਹਾਈਕਮਾਂਡ ਦੇ ਅੜੀਅਲ ਵਤੀਰੇ ਤੋਂ ਖਫਾ ਹਲਕਾ ਸ਼ੁਤਰਾਣਾ ਦੇ ਦਰਜਨਾਂ ਭਾਜਪਾ ਆਗੂਆਂ ਨੇ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਉਪਰੰਤ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਨ ਦਾ ਐਲਾਨ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਮਿੱਠੂ ਰਾਮ, ਸੁਨਹਿਰੀ ਦੇਵੀ ਧਰਮਸੌਤ, ਅਮਰੀਕ ਸਿੰਘ, ਕੁਲਦੀਪ ਸਿੰਘ ਭੰਗੀ, ਕਾਲਾ ਰਾਮ, ਜੋਗਾ ਰਾਮ, ਰਮਨ ਕੁਮਾਰ, ਕਾਕਾ ਰਾਮ, ਦੇਵ ਸਿੰਘ ਆਦਿ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਖੇਤੀ ਵਿਰੋਧੀ ਕਾਨੂੰਨਾਂ ਦਾ ਹੱਲ ਕਰਨ ਦੀ ਬਜਾਏ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਤੇ ਕੇਂਦਰ ਸਰਕਾਰ ਪੰਜਾਬ ਦੀ ਕਿਰਸਾਨੀ ਨੂੰ ਬਰਬਾਦ ਕਰਨ ਦੀ ਯੋਜਨਾ ਬਣਾਈ ਬੈਠੀ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਖਫਾ ਹੋ ਕੇ ਉਨ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖਿਆ ਹੈ। ਇਸ ਮੌਕੇ ਮੋਹਿੰਦਰ ਸਿੰਘ ਲਾਲਵਾ, ਗੋਬਿੰਦ ਸਿੰਘ ਬਿਰਦੀ, ਸਾਬਕਾ ਚੇਅਰਮੈਨ ਬਲਿਹਾਰ ਸਿੰਘ ਹਰਿਆਉ, ਸੁਰਜੀਤ ਸਿੰਘ ਮਾਹਲ, ਕ੍ਰਿਸ਼ਨ ਸਿੰਘ ਦੁਗਾਲ, ਸੁਖਦੇਵ ਸਿੰਘ ਜਿਉਣਪੁਰਾ, ਸਾਬਕਾ ਸਰਪੰਚ ਭਗਵੰਤ ਸਿੰਘ ਸ਼ੁਤਰਾਣਾ ਆਦਿ ਹਾਜ਼ਰ ਸਨ।