ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਸਤੰਬਰ
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਗਠਜੋੜ ਟੁੱਟਦੇ ਹੀ ਪਹਿਲੇ ਦੋ ਦਿਨਾਂ ਵਿਚ ਭਾਜਪਾ ਨੂੰ ਦੋ ਝਟਕੇ ਦੇ ਦਿੱਤੇ ਹਨ। ਭਾਜਪਾ ਦੀ ਚਾਰ ਵਾਰ ਜ਼ਿਲ੍ਹਾ ਸਕੱਤਰ ਰਹਿ ਚੁੱਕੀ ਪੰਜਾਬ ਮਹਿਲਾ ਮੋਰਚਾ ਦੀ ਕਾਰਜਕਾਰੀ ਮੈਂਬਰ ਪਾਇਲ ਮੋਦਗਿਲ ਨੇ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਊਨ੍ਹਾਂ ਨਾਲ ਭਾਜਪਾ ਦੇ ਸਰਗਰਮ ਮੈਂਬਰ ਇੰਦਰਜੀਤ ਸਿੰਘ, ਪਦਮਭਰ ਮੋਦਗਿਲ, ਦਿਨੇਸ਼ ਭਾਰਦਵਾਜ ਅਤੇ ਬੰਟੀ ਅਕਾਲੀ ਦਲ ਵਿਚ ਸ਼ਾਮਲ ਹੋਏ। ਪਾਇਲ ਮੋਦਗਿਲ ਭਾਜਪਾ ਵੱਲੋਂ ਕੌਂਸਲਰ ਦੀ ਚੋਣ ਵੀ ਲੜ ਚੁੱਕੇ ਹਨ। ਪ੍ਰਧਾਨ ਹਰਪਾਲ ਜੁਨੇਜਾ ਨੇ ਪਾਇਲ ਮੋਦਗਿਲ ਅਤੇ ਹੋਰ ਆਗੂਆਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਿਸਾਨੀ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ। ਇਸ ਮੌਕੇ ਨਰਦੇਵ ਸਿੰਘ ਆਕੜੀ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਸੁਖਬੀਰ ਸਨੌਰ, ਪਿ੍ਰੰਸ ਲਾਂਬਾ ਆਦਿ ਹਾਜ਼ਰ ਸਨ।