ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਅਗਸਤ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੀਬੀਆਈ ਵੱਲੋਂ ਮਨੀਸ਼ ਸਿਸੋਦੀਆ ਖ਼ਿਲਾਫ਼ ਕੀਤੀ ਕਾਰਵਾਈ ਬਾਰੇ ਕਿਹਾ ਕਿ ਅਜਿਹੀ ਕਾਰਵਾਈ ਦੇਸ਼ ਦੀ ਤਰੱਕੀ ਨਹੀਂ ਰੋਕ ਸਕਦੀ। ਦੇਸ਼ ਵਿਚ ਅਰਵਿੰਦ ਕੇਜਰੀਵਾਲ ਦਾ ਚਿਹਰਾ ਵੱਡੇ ਪੱਧਰ ’ਤੇ ਲੋਕਾਂ ਨੇ ਪ੍ਰਵਾਨ ਕਰ ਲਿਆ ਹੈ। ਕੇਜਰੀਵਾਲ ਦੀ ਅੱਗੇ ਵਧਣ ਵਾਲੀ ਰਫ਼ਤਾਰ ਤੋਂ ਭਾਜਪਾ ਘਬਰਾ ਗਈ ਹੈ। ਇੱਥੇ ਸਰਕਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਦੀ ਜਾਂਚ ਕਰਵਾ ਕੇ ਯੋਗ ਥਾਂ ’ਤੇ ਫਲਦਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੰਗਲਾਂ ਵਿਚ 50 ਫ਼ੀਸਦੀ ਫਲਦਾਰ ਬੂਟੇ ਲਾਉਣ ਦੀ ਯੋਜਨਾ ਹੈ। ਉਨ੍ਹਾਂ ਇਸ ਵੇਲੇ ਪਟਿਆਲਾ ਦੇ ਪਾਰਟੀ ਸੰਗਠਨ ਨਾਲ ਵੀ ਮੀਟਿੰਗ ਕੀਤੀ।
ਸ੍ਰੀ ਕਟਾਰੂ ਚੱਕ ਨੇ ਕਿਹਾ ਕਿ ਦੇਖਿਆ ਗਿਆ ਹੈ ਕਿ ਪੰਜਾਬ ਦੇ ਕਈ ਜੰਗਲਾਂ ਵਿੱਚ ਮਸਕਟ (ਪਹਾੜੀ ਕਿੱਕਰ) ਨੇ ਕਾਫ਼ੀ ਥਾਂ ਮੱਲ ਰੱਖੀ ਹੈ, ਇਸ ਦਾ ਜੰਗਲੀ ਜਾਨਵਰਾਂ ਨੂੰ ਕੋਈ ਲਾਭ ਨਹੀਂ ਹੈ। ਇਸ ਕਰ ਕੇ ਪਹਾੜੀ ਕਿੱਕਰਾਂ ਨੂੰ ਸਾਫ਼ ਕਰਵਾ ਕੇ ਇੱਥੇ 50 ਫ਼ੀਸਦੀ ਥਾਂ ਵਿਚ ਫਲਦਾਰ ਬੂਟੇ ਲਗਾਏ ਜਾਣਗੇ ਤਾਂ ਕਿ ਜਾਨਵਰਾਂ ਨੂੰ ਵੀ ਖਾਣ ਲਈ ਚੰਗੇ ਫਲ਼ ਮਿਲ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਲਦਾਰ ਬੂਟਿਆਂ ਦੀਆਂ ਨਰਸਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ੇਰ ਮਾਜਰਾ ਵਿਚ ਵੀ ਇੱਕ ਨਰਸਰੀ ਤਿਆਰ ਕੀਤੀ ਜਾ ਰਹੀ ਹੈ। ਇਨ੍ਹਾਂ ਨਰਸਰੀਆਂ ਵਿੱਚ ਇਲਾਕੇ ਅਨੁਸਾਰ ਹੀ ਫਲਦਾਰ ਤੇ ਛਾਂਦਾਰ ਬੂਟੇ ਤਿਆਰ ਕੀਤੇ ਜਾਣਗੇ। ਕੁਝ ਇਲਾਕਿਆਂ ਵਿਚ ਅਮਰੂਦ ਦਾ ਫਲ਼ ਜ਼ਿਆਦਾ ਫਲਦਾ ਹੈ, ਕੁਝ ਇਲਾਕਿਆਂ ਵਿਚ ਅੰਬ, ਕੁਝ ਵਿਚ ਹੋਰ ਕਈ ਵੱਖ-ਵੱਖ ਤਰ੍ਹਾਂ ਦੇ ਫਲ਼ ਪੈਦਾ ਹੋਣ ਦੀ ਵਾਤਾਵਰਨ ਤੇ ਜ਼ਮੀਨੀ ਤਾਕਤ ਹੈ, ਇਸ ਕਰ ਕੇ ਇਲਾਕੇ ਦੇ ਅਨੁਸਾਰ ਹੀ ਬੂਟੇ ਤਿਆਰ ਕੀਤੇ ਜਾਣਗੇ।
ਇਸ ਵੇਲੇ ਉਨ੍ਹਾਂ ਸੀਬੀਆਈ ਦੀ ਮਨੀਸ਼ ਸਿਸੋਦੀਆ ਦੇ ਮਾਰੇ ਗਏ ਛਾਪੇ ਬਾਰੇ ਕਿਹਾ ਕਿ ਕਦੇ ਵੀ ਅਜਿਹੇ ਕਦਮ ਦੇਸ਼ ਦੀ ਤਰੱਕੀ ਨਹੀਂ ਰੋਕ ਸਕਦੇ। ਦੇਸ਼ ਵਿਚ ਅਰਵਿੰਦ ਕੇਜਰੀਵਾਲ ਦਾ ਚਿਹਰਾ ਵੱਡੇ ਪੱਧਰ ’ਤੇ ਲੋਕਾਂ ਨੇ ਪ੍ਰਵਾਨ ਕਰ ਲਿਆ ਹੈ। ਇਸ ਕਰ ਕੇ ਹੁਣ ਅਰਵਿੰਦ ਕੇਜਰੀਵਾਲ ਦੀ ਅੱਗੇ ਵਧਣ ਵਾਲੀ ਰਫ਼ਤਾਰ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਸ੍ਰੀ ਕੇਜਰੀਵਾਲ ਦੀ ਰਫ਼ਤਾਰ ਤੋਂ ਘਬਰਾ ਗਈ ਹੈ। ਉਨ੍ਹਾਂ ਇਸ ਵੇਲੇ ਪਟਿਆਲਾ ਦੇ ਪਾਰਟੀ ਸੰਗਠਨ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਸਾਰੇ ਜ਼ਿਲ੍ਹਿਆਂ ਵਿਚ ਪਾਰਟੀ ਦੇ ਦਫ਼ਤਰ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਲਈ ਪੰਜਾਬ ਦੇ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਨੇੜੇ ਅਤੇ ਮੌਕੇ ’ਤੇ ਮਿਲ ਜਾਣਗੀਆਂ। ਇਸ ਵੇਲੇ ਉਨ੍ਹਾਂ ਸੰਗਠਨ ਨੂੰ ਕਿਹਾ ਕਿ ਤਿਆਰੀਆਂ ਜਾਰੀ ਰੱਖੋ ਕਿਸੇ ਵੇਲੇ ਵੀ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਸਕਦਾ ਹੈ। ਉਨ੍ਹਾਂ ਨੂੰ ਇਸ ਵੇਲੇ ਪਟਿਆਲਾ ਦੇ ਸੰਗਠਨ ਨੇ ਵੀ ਕਈ ਮੁਸ਼ਕਿਲਾਂ ਗਿਣਵਾਈਆਂ। ਮੰਤਰੀ ਨੇ ਮੁਸ਼ਕਿਲਾਂ ਦਾ ਨਬਿੇੜਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੌਕੇ ’ਤੇ ਹੀ ਹਦਾਇਤਾਂ ਦਿੱਤੀਆਂ। ਇਸ ਵੇਲੇ ਜ਼ਿਲ੍ਹਾ ਸੰਗਠਨ ਨੇ ਮੰਤਰੀ ਦਾ ਸਨਮਾਨ ਵੀ ਕੀਤਾ।