ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਜਨਵਰੀ
ਇੱਥੇ ਡੀਅਰ ਪਾਰਕ ਅਤੇ ਸ਼ੇਰਾਂ ਵਾਲੇ ਗੇਟ ਦੇ ਨਾਲ ਬਣਾਈ ‘ਪੰਛੀ-ਸ਼ਾਲਾ’ ਵਿਚ ਵੱਡੀ ਗਿਣਤੀ ਪੰਛੀਆਂ ’ਤੇ ‘ਬਰਡ-ਫਲੂ’ ਦਾ ਖ਼ਤਰਾ ਮੰਡਰਾ ਰਿਹਾ ਹੈ, ਸ਼ੇਰਾਂਵਾਲਾ ਗੇਟ ਕੋਲ ਤਾਂ ਬਣਾਈ ਪੰਛੀ ਸ਼ਾਲਾ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਪੰਛੀ ਵੀ ਮੌਜੂਦ ਹਨ। ਸਰਕਾਰ ਨੇ ਇਸ ਦਾ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ, ਜੇਕਰ ‘ਬਰਡ ਫਲੂ’ ਦਾ ਕੋਈ ਅੰਸ਼ ਡੀਅਰ ਪਾਰਕ ਜਾਂ ‘ਪੰਛੀ-ਸ਼ਾਲਾ’ ਵਿਚ ਆ ਜਾਂਦਾ ਹੈ ਤਾਂ ਇੱਥੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਵੱਖ ਵੱਖ ਕਿਸਮ ਦੇ ਪੰਛੀ ਮੁਸ਼ਕਿਲ ਵਿਚ ਆ ਸਕਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੇ ਡਕਾਲਾ ਰੋਡ ‘ਤੇ ਬਣਾਏ ਗਏ ਡੀਅਰ ਪਾਰਕ ਵਿਚ ਪੰਛੀਆਂ ਦੀਆਂ ਕਈ ਸਾਰੀਆਂ ਕਿਸਮਾਂ ਹਨ, ਜਿਵੇਂ ਕਿ ਬਜਰੀਗਰ, ਕਈ ਕਿਸਮਾਂ ਦੇ ਤੋਤੇ, ਚਿੱਟੇ ਕਾਲੇ ਮੋਰ, ਸਿਲਵਰ ਫੀਜੈਂਟ, ਕਾਕਟੇਲ, ਲਾਰਜ ਇੰਡੀਅਨ ਪੈਰਾਕੀਟ ਆਦਿ ਹੋਰ ਵੀ ਕਈ ਤਰ੍ਹਾਂ ਦੇ ਪੰਛੀ ਮੌਜੂਦ ਹਨ ਜਿਵੇਂ ਕਿ ਇੱਥੇ ਈਮੂ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹਨ। ਇਸੇ ਤਰ੍ਹਾਂ ਸ਼ੇਰਾਂਵਾਲਾ ਗੇਟ ਕੋਲ ਜੋ ਵੀ ‘ਪੰਛੀ-ਸ਼ਾਲਾ’ ਬਣੀ ਹੈ ਉੱਥੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਕੀਮਤੀ ਪੰਛੀਆਂ ਵਿਚ ਕਈ ਪ੍ਰਕਾਰ ਦੀਆਂ ਘੁੱਗੀਆਂ ਤੇ ਚਿੜੀਆਂ ਵੀ ਮੌਜੂਦ ਹਨ। ਇਨ੍ਹਾਂ ਨੂੰ ਦੇਖਣ ਲਈ ਆਮ ਤੌਰ ਤੇ ਕਾਫੀ ਲੋਕ ਜਾਂਦੇ ਹਨ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਵਿਚ ਤਾਂ ‘ਬਰਡ-ਫਲੂ’ ਦੀ ਪੁਸ਼ਟੀ ਪੱਕੇ ਤੌਰ ਤੇ ਹੋ ਚੁੱਕੀ ਹੈ ਪਰ ਪੰਜਾਬ ਦੇ ਕਿਸੇ ਵੀ ਡੀਅਰ ਪਾਰਕ ਵਿਚ ਮੌਜੂਦ ਪੰਛੀਆਂ ਨੂੰ ‘ਬਰਡ-ਫਲੂ’ ਤੋਂ ਬਚਾਉਣ ਲਈ ਕੋਈ ਉਚੇਚੇ ਪ੍ਰਬੰਧ ਨਹੀਂ ਕੀਤੇ ਗਏ, ਲਿਹਾਜ਼ਾ ਪੰਛੀਆਂ ਨੂੰ ਖ਼ਤਰਾ ਬਣਿਆ ਹੋਇਆ ਹੈ।
ਇਸ ਸਬੰਧ ਵਿਚ ਡੀਅਰ ਪਾਰਕ ਪਟਿਆਲਾ ਦੀ ਸੰਭਾਲ ਕਰ ਰਹੇ ਡਾਕਟਰ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਰੋਜ਼ਾਨਾ ਸੈਨੇਟਾਈਜ਼ ਕਰਦੇ ਹਾਂ ਪਰ ਖ਼ਤਰਾ ਇੱਥੇ ਵੀ ਪੂਰਾ ਬਣਿਆ ਹੋਇਆ ਹੈ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਸਾਡੇ ਪੰਛੀਆਂ ਨੂੰ ਬਚਾ ਲਈਏ ਪਰ ਜੇਕਰ ਕਿਤੋਂ ਇਹ ਫਲੂ ਆ ਗਿਆ ਤਾਂ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਣੀ ਹੈ, ਉਸ ਤੋਂ ਬਾਅਦ ਬਚਾਅ ਵੀ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਅਧਿਕਾਰੀਆਂ ਦੇ ਨੋਟਿਸ ਵਿਚ ਵੀ ਲਿਆ ਚੁੱਕੇ ਹਾਂ।