ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਕਤੂਬਰ
ਡੇਂਗੂ ਪ੍ਰਤੀ ਜਾਗਰੂਕਤਾ ਲਈ ਅੱਜ ਸਥਾਨਕ ਸ਼ਹਿਰ ਵਿਚ ਸਾਈਕਲ ਰੈਲੀ ਕੀਤੀ ਗਈ। ਰਾਘੋਮਾਜਾਰਾ ਚੌਕ ਤੋਂ ਆਰੰਭ ਹੋਈ ਇਸ ਰੈਲੀ ਨੂੰ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਮੇਅਰ ਸੰਜੀਵ ਬਿੱਟੂ ਦੀ ਅਗਵਾਈ ਹੇਠ ਕੀਤੀ ਸਾਈਕਲ ਰੈਲੀ ਪਰਨੀਤ ਕੌਰ ਦੇ ਜਨਮ ਦਿਨ ਨੂੰ ਸਮਰਪਿਤ ਰਹੀ। ਕਾਂਗਰਸੀ ਆਗੂਆਂ, ਵਰਕਰਾਂ ਅਤੇ ਆਮ ਸ਼ਹਿਰੀਆਂ ਤੋਂ ਲੋਕ ਸਭਾ ਮੈਂਬਰ ਨੇ ਸ਼ੁਭ ਕਾਮਨਾਵਾਂ ਵੀ ਕਬੂਲੀਆਂ। ਉਨ੍ਹਾਂ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਸਾਵਧਾਨੀਆਂ ਅਪਨਾਉਣ ਦਾ ਸੱਦਾ ਦਿੰਦਿਆਂ। ਸ੍ਰੀ ਹਨੂਮਾਨ ਮੰਦਰ ਤੋਂ ਸ਼ੁਰੂ ਹੋਈ ਰੈਲੀ ਡੇਂਗੂ ਵਿਰੁੱਧ ਜਾਗਰੂਕਤਾ ਫੈਲਾਉਂਦਿਆਂ ਕਿਲਾ ਚੌਕ ਵਿੱਚ ਸੰਪੰਨ ਹੋਈ। ਇਸ ਦੌਰਾਨ ਨਗਰ ਨਿਗਮ ਵੱਲੋਂ ਸਵੱਛਤਾ ਅਭਿਆਨ ਲਈ ਪਟਿਆਲਾ ਦੇ ਬ੍ਰਾਂਡ ਅੰਬੈਸਡਰ ਐਲਾਨੇ ਗਏ ਕਲਾਕਾਰ ਹੌਬੀ ਧਾਲੀਵਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਮੁੱਖ ਮੰਤਰੀ ਦੇ ਓਐਸਡੀ ਹਨੀ ਸੇਖੋਂ, ਚੇਅਰਮੈਨ ਕੇ.ਕੇ. ਸ਼ਰਮਾ, ਚੇਅਰਮੈਨ ਸੰਤੋਖ ਸਿੰਘ, ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਹਾਜ਼ਰ ਸਨ।