ਪੱਤਰ ਪ੍ਰੇਰਕ
ਪਾਤੜਾਂ, 13 ਫਰਵਰੀ
ਹਲਕਾ ਸ਼ੁਤਰਾਣਾ ਤੋਂ ਅਕਾਲੀ-ਬਸਪਾ ਗੱਠਜੋੜ ਦੀ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆਂ ਕਿਹਾ ਕਿ ਹਲਕਾ ਸ਼ੁਤਰਾਣਾ ਉਨ੍ਹਾਂ ਦਾ ਪੇਕਾ ਘਰ ਹੈ ਉਨ੍ਹਾਂ ਦੇ ਪਿਤਾ ਇੱਥੋਂ ਦੋ ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਪੇਕੇ ਧੀਆਂ ਨੂੰ ਕਦੇ ਵੀ ਖਾਲੀ ਹੱਥ ਨਹੀਂ ਮੋੜਦੇ।
ਹਲਕੇ ਵਿੱਚ ਚੋਣ ਪ੍ਰਚਾਰ ਦੇ ਤਿੰਨ ਗੇੜ ਮੁਕੰਮਲ ਕਰਨ ਮਗਰੋਂ ਦਰਜਨਾਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬੀ ਲੂੰਬਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਆਰਥਿਕ ਤੌਰ ’ਤੇ ਟੁੱਟ ਚੁੱਕੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਉੱਤੇ ਤੋਰਿਆ ਸੀ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਨੇ ਵਿਕਾਸ ਦੀ ਪਟੜੀ ਉੱਤੇ ਚੜ੍ਹੇ ਪੰਜਾਬ ਨੂੰ ਡੂੰਘੀ ਖਾਈ ਵਿੱਚ ਸੁੱਟ ਕੇ ਰੱਖ ਦਿੱਤਾ ਹੈ। ਸੱਤਾ ਹਾਸਲ ਕਰਨ ਲਈ ਕਾਂਗਰਸ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਅਤੇ ਘਰ ਘਰ ਰੁਜ਼ਗਾਰ ਦੇਣ ਦਾ ਝਾਂਸਾ ਦਿੱਤਾ ਸੀ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਸਰਕਲ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਖਾਂਗ ਤੇ ਅਜੈਬ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।