ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਭਾਦਸੋਂ, 7 ਅਕਤੂਬਰ
ਬੀਤੇ ਕੁਝ ਦਿਨ ਪਹਿਲਾਂ ਥਾਣਾ ਭਾਦਸੋਂ ਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਪਿੰਡ ਦੇ ਹੀ ਅਪਾਹਜ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਗੁਰਦੁਆਰਾ ਸ੍ਰੀ ਝਰਵਾਣਾ ਸਾਹਿਬ ਪਿੰਡ ਦਿੱਤੂਪੁਰ ਜੱਟਾਂ ’ਚ ਪਹੁੰਚੇ। ਉਨ੍ਹਾਂ ਕਿਹਾ ਕਿ ਜੋ ਗੁਰਦੁਆਰਾ ਸਾਹਿਬ `ਚ ਬੇਅਦਬੀਆਂ ਹੋ ਰਹੀਆਂ, ਇਸ ਸਬੰਧੀ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜਿਨ੍ਹਾਂ ਵਿਅਕਤੀਆਂ ਵੱਲੋਂ ਬੇਅਦਬੀਆਂ ਕੀਤੀਆਂ ਜਾਂਦੀਆਂ ਹਨ, ਬਾਰੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ। ਬੀਬੀ ਜਗੀਰ ਕੌਰ ਨੇ ਸਰਕਾਰ ਤੇ ਪੁਲੀਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਨਹੀਂ ਕੀਤੀ ਜਾ ਰਹੀ ਇਸਦੇ ਪਿੱਛੇ ਏਜੰਸੀਆਂ ਕੰਮ ਕਰ ਰਹੀਆਂ ਹਨ। ਸਰਕਾਰ ਇਸ ’ਚ ਬਿਲਕੁਲ ਫੇਲ੍ਹ ਹੈ ਕਿਉਂਕਿ ਜਿੱਥੇ ਵੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀਆਂ ਹੋਈਆਂ ਹਨ, ਉਥੇ ਇਹ ਕਿਹਾ ਜਾਂਦਾ ਹੈ ਕਿ ਉਹ ਤਾਂ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ ,ਅਸੀਂ ਇਸ ਮਸਲੇ ਵਿਚ ਨਾਰਕੋ ਟੈਸਟ ਲਈ ਵੀ ਐਪਲੀਕੇਸ਼ਨਾਂ ਦਿੱਤੀਆਂ ਹਨ ਪਰ ਸਰਕਾਰ ਵੱਲੋੋਂ ਉਨ੍ਹਾਂ ਦਾ ਨਾਰਕੋ ਟੈਸਟ ਹੀ ਨਹੀਂ ਕਰਵਾਇਆ ਗਿਆ ਤੇ ਦਿਨੋਂ-ਦਿਨ ਹੋ ਰਹੀਆਂ ਬੇਅਦਬੀਆਂ ਲਈ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਇਸ ਦੌਰਾਨ ਉੁਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਐੈਡਜੈਕਿਟਵ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਸਮੇਤ ਪਿੰਡ ਵਾਸੀ ਹਾਜ਼ਰ ਸਨ।