ਸੁਭਾਸ਼ ਚੰਦਰ
ਸਮਾਣਾ, 27 ਜੂਨ
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵੱਲੋਂ ਹਲਕਾ ਸਮਾਣਾ ਦੇ ਪਿੰਡ ਭਾਨਰੀ ਵਿੱਚ ਸਟੱਡੀ ਸੈਂਟਰ ਖੋਲ੍ਹਣ ਲਈ ਉਸ ਸਮੇਂ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਦਸੰਬਰ 2016 ਵਿੱਚ ਰੱਖੇ ਨੀਂਹ ਪੱਥਰ ਤਹਿਤ ਸਟੱਡੀ ਸੈਂਟਰ ਦੀ ਇਮਾਰਤ ਦੀ ਉਸਾਰੀ ਸ਼ੁਰੂ ਹੋਣ ਦੇ ਬਾਵਜੂਦ ਵਿਵਾਦਾਂ ਦੇ ਘੇਰੇ ਵਿੱਚ ਹੈ। ਥੋੜ੍ਹਾ ਜਿਹਾ ਕੰਮ ਠੇਕੇਦਾਰ ਵੱਲੋਂ ਕੀਤੇ ਜਾਣ ਤੋਂ ਬਾਅਦ ਸਾਢੇ ਪੰਜ ਸਾਲਾਂ ਵਿੱਚ ਕੋਈ ਕੰਮ ਨਹੀਂ ਹੋਇਆ।
ਪਿੰਡ ਵਾਸੀਆਂ ਨੇ ਕਿਹਾ ਕਿ ਨਾ ਤਾਂ ਬੱਚਿਆਂ ਦੀ ਪੜ੍ਹਾਈ ਲਈ ਕਾਲਜ ਬਣਿਆ ਨਾ ਹੀ ਖੇਤੀ ਲਈ ਜ਼ਮੀਨ ਬਚੀ। ਠੇਕੇਦਾਰ ਨੂੰ ਵੀ ਆਪਣੀ ਲਾਗਤ ਅਦਾਲਤ ਰਾਹੀਂ ਲੈਣੀ ਪਈ।
ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਬੱਚਿਆਂ ਲਈ ਉਚੇਰੀ ਸਿੱਖਿਆ ਦਾ ਪ੍ਰਬੰਧ ਨਾ ਹੋਣ ਕਰ ਕੇ ਮਹਿੰਦਰਾ ਕਾਲਜ ਵੱਲੋਂ ਸੈਲਫ ਫਾਇਨਾਂਸ ਸਕੀਮ ਅਧੀਨ ਸਟੱਡੀ ਸੈਂਟਰ ਖੋਲ੍ਹਣ ਲਈ ਪ੍ਰਵਾਨਗੀ ਕੁਝ ਸ਼ਰਤਾਂ ਨਾਲ ਮਿਲੀ ਸੀ। ਇਸ ਵਿੱਚ ਪੰਚਾਇਤ ਵੱਲੋਂ ਅੱਠ ਏਕੜ ਜ਼ਮੀਨ ਉਚੇਰੀ ਸਿੱਖਿਆ ਵਿਭਾਗ ਦੇ ਨਾਂ ਹੋਣ ਤੋਂ ਬਾਅਦ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ। ਉਸਾਰੀ ਲਈ ਰਾਜਪਾਲ ਵੱਲੋਂ ਪੰਜ ਕਰੋੜ ਦੀ ਪ੍ਰਵਾਨਗੀ 10 ਅਕਤੂਬਰ 2016 ਨੂੰ ਦਿੱਤੀ ਗਈ ਸੀ। ਕਲਾਸਾਂ ਚਲਾਉਣ ਲਈ ਸਾਰੇ ਖ਼ਰਚੇ ਪੰਜਾਬ ਸਰਕਾਰ ’ਤੇ ਵਾਧੂ ਬੋਝ ਪਾਏ ਬਿਨਾਂ ਮਹਿੰਦਰਾ ਕਾਲਜ ਵੱਲੋਂ ਕੀਤੇ ਜਾਣੇ ਸਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਲਜ ਨੂੰ ਜਲਦੀ ਬਣਾਇਆ ਜਾਵੇ।
ਇਸ ਸਬੰਧੀ ਜਦੋਂ ਪੀਡਬਲਯੂਡੀ ਬੀਐਂਡਆਰ ਦੇ ਐੱਸਡੀਓ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੁਝ ਦਿਨ ਪਹਿਲਾਂ ਚਾਰਜ ਲੈਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ।