ਖੇਤਰੀ ਪ੍ਰਤੀਨਿਧ
ਪਟਿਆਲਾ, 8 ਅਪਰੈਲ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ ਕੁਝ ਹੀ ਦਿਨਾਂ ਦੌਰਾਨ ਪੰਜਾਬ ’ਚ ਵਾਪਰੀਆਂ ਕਤਲੋਗਾਰਤ ਦੀਆਂ ਘਟਨਾਵਾਂ ਨੂੰ ‘ਆਪ’ ਸਰਕਾਰ ਦੀ ਨਾਕਾਬਲੀਅਤ ਦੀ ਨਿਸ਼ਾਨੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਸੈਰ ਸਪਾਟਾ ਛੱਡਦਿਆਂ ਪਹਾੜਾਂ ਤੋਂ ਹੇਠਾਂ ਉਤਰ ਕੇ ਪੰਜਾਬ ਵਾਸੀਆਂ ਦੀ ਸਾਰ ਲੈਣ। ਚੰਦੂਮਾਜਰਾ ਨੇ ਕਿਹਾ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੂੰ ਸਥਾਪਨਾ ਦੇ ਪਹਿਲੇ ਹਫ਼ਤੇ ’ਚ ਹੀ ਆਲੋਚਨਾ ਦਾ ਪਾਤਰ ਬਣਨਾ ਪਿਆ। ਉਹ ਅੱਜ ਇਥੇ ਹਲਕਾ ਸਨੌਰ ’ਚ ਪੈਂਦੇ ਪਿੰਡ ਦੌਣਕਲਾਂ ਵਿੱਚ ਧਰਮਿੰਦਰ ਸਿੰਘ ਭਿੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹੋਏ ਸਨ। ਭਿੰਦਾ ਦੀ ਦੋ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੌਰਾਨ ਚੰਦੂਮਾਜਰਾ ਦੇ ਫਰਜੰਦ ਅਤੇ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਗੁਰਦੀਪ ਸ਼ੇਖਪੁਰਾ, ਭੁਪਿੰਦਰ ਸ਼ੇਖੂਪਰ ਅਤੇ ਦੀਦਾਰ ਖੇੜੀਗੁਰਨਾ ਸਮੇਤ ਹੋਰ ਆਗੂ ਵੀ ਮੌਜੂਦ ਸਨ। ਚੰਦੂਮਾਜਾਰਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ। ਉਨ੍ਹਾਂ ਭਿੰਦਾ ਦੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ।