ਬਹਾਦਰ ਸਿੰਘ ਮਰਦਾਂਪੁਰ
ਘਨੌਰ, 25 ਫਰਵਰੀ
ਹਲਕਾ ਘਨੌਰ ਤੋਂ ਕਾਂਗਰਸ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਕੁਝ ਦਿਨ ਪਹਿਲਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ’ਤੇ ਫੰਡਾਂ ਵਿੱਚ 50 ਕਰੋੜ ਰੁਪਏ ਦੇ ਘਪਲੇ ਕੀਤੇ ਜਾਣ ਸਬੰਧੀ ਲਗਾਏ ਗਏ ਦੋਸ਼ਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬੀਡੀਪੀਓ ਸ਼ੰਭੂ ਕਲਾਂ ਗੁਰਮੇਲ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ। ਪਤਾ ਲੱਗਿਆ ਹੈ ਕਿ ਵਿਭਾਗ ਦੇ ਹਲਕਾ ਘਨੌਰ ਨਾਲ ਸਬੰਧਤ ਹੋਰਨਾਂ ਅਧਿਕਾਰੀਆਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ ਪ੍ਰੰਤੂ ਇਸ ਦੀ ਬੀਡੀਪੀਓ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ।
ਜਾਣਕਾਰੀ ਅਨੁਸਾਰ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਬਿਆਨ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਵਿਧਾਇਕ ਜਲਾਲਪੁਰ ਦਾ ਕਹਿਣਾ ਸੀ ਕੀ ਉਨ੍ਹਾਂ ਨੂੰ ਚੋਣਾਂ ਦੌਰਾਨ ਪਿੰਡਾਂ ਵਿੱਚ ਜਾਣ ’ਤੇ ਪਤਾ ਲੱਗਿਆ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੇ ਪੈਸੇ ਦੀ ਗਲਤ ਵਰਤੋਂ ਹੋਈ ਹੈ। ਬੀਡੀਪੀਓ ਸਮੇਤ ਵਿਭਾਗ ਦੇ ਕੁਝ ਹੋਰਨਾਂ ਅਧਿਕਾਰੀਆਂ ’ਤੇ 50 ਕਰੋੜ ਰੁਪਏ ਦੇ ਫੰਡਾਂ ਵਿੱਚ ਘਪਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਜਲਾਲਪੁਰ ਦਾ ਕਹਿਣਾ ਸੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਘਪਲੇ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਸੰਪਰਕ ਕਰਨ ’ਤੇ ਮੁਅੱਤਲੀ ਅਧੀਨ ਬੀਡੀਪੀਓ ਸ਼ੰਭੂ ਕਲਾਂ ਗੁਰਮੇਲ ਸਿੰਘ ਨੇ ਉਨ੍ਹਾਂ ’ਤੇ ਫੰਡਾਂ ਵਿੱਚ ਘਪਲੇ ਦੇ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਬਲਾਕ ਵਿੱਚ ਪੰਜਾਬ ਨਿਰਮਾਣ ਅਧੀਨ 2 ਕਰੋੜ 50 ਲੱਖ ਅਤੇ ਸਮਿਤੀ ਗਰਾਂਟ ਦੇ 18 ਕਰੋੜ 64 ਲੱਖ ਰੁਪਏ 85 ਪਿੰਡਾਂ ਦੀ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੇ ਗਏ ਸਨ। ਇਨ੍ਹਾਂ ਵਿੱਚ ਬਹੁਤੀਆਂ ਪੰਚਾਇਤਾਂ ਨੇ ਫੰਡ ਖਰਚ ਕੇ ਪਿੰਡਾਂ ਵਿੱਚ ਚੰਗਾ ਵਿਕਾਸ ਕਰਵਾਇਆ ਪ੍ਰੰਤੂ ਇਹ ਫੰਡ ਦੇਰੀ ਨਾਲ ਮਿਲਣ ਕਾਰਨ ਚੋਣ ਜ਼ਾਬਤਾ ਲੱਗ ਜਾਣ ’ਤੇ ਪੂਰੇ ਫੰਡਾਂ ਦੀ ਵਰਤੋਂ ਨਹੀਂ ਹੋ ਸਕੀ। ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਵਿਭਾਗ ਵੱਲੋਂ ਮੁਅੱਤਲ ਕੀਤੇ ਜਾਣ ਸਬੰਧੀ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।