ਪੱਤਰ ਪ੍ਰੇਰਕ
ਦੇਵੀਗੜ੍ਹ, 27 ਫਰਵਰੀ
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਪ੍ਰਤੀਨਿਧਤਾ ਖਤਮ ਕੀਤੇ ਜਾਣ ਦੀ ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਨੇ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਦਾ ਕੋਟਾ ਫੌਰੀ ਬਹਾਲ ਕੀਤਾ ਜਾਵੇ ਅਤੇ ਪੰਜਾਬ ਦੇ ਹੈੱਡਵਰਕਸਾਂ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕੀਤਾ ਜਾਵੇ। ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਅਤੇ ਜਨਰਲ ਸਕੱਤਰ ਬਖਤਾਵਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਖ ਵੱਖ ਸਮੇਂ ’ਤੇ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਮਾਰਦੀ ਆ ਰਹੀ ਹੈ ਪਰ ਮੋਦੀ ਹਕੂਮਤ ਨੇ ਇਸ ਹੱਲੇ ਨੂੰ ਹੋਰ ਵੀ ਤੇਜ਼ ਕੀਤਾ ਹੈ। ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰਦਿਆਂ ਪਹਿਲਾਂ ਜੀਐੱਸਟੀ ਰਾਹੀਂ ਸਾਰੇ ਟੈਕਸ ਇਕੱਠੇ ਕਰਨ ਦੇ ਅਧਿਕਾਰ ਆਪਣੇ ਹੱਥ ਲੈ ਲਏ ਅਤੇ ਸੂਬਿਆਂ ਨੂੰ ਮੰਗਤੇ ਬਣਾ ਦਿੱਤਾ। ਪੰਜਾਬ ਦੀ ਜ਼ਮੀਨ ’ਤੇ ਬਣੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਭਾਰਤ ਦੇ ਸੰਘੀ ਢਾਂਚੇ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਦੀ ਨਿਖੇਧੀ
ਧੂਰੀ (ਖੇਤਰੀ ਪ੍ਰਤੀਨਿਧ): ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਨੂੰ ਬਾਹਰ ਕਰਨ ਦੇ ਮਾਮਲੇ ਵਿੱਚ ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ, ਜਸਪਾਲ ਸਿੰਘ ਪੇਧਨੀ, ਜਰਨੈਲ ਸਿੰਘ ਲੱਡਾ ਤੋਂ ਇਲਾਵਾ ਸਤਿੰਦਰ ਸਿੰਘ ਚੱਠਾ ਨੇ ਕਿਹਾ ਕੇਂਦਰ ਸਰਕਾਰ ਅੰਦਰੂਨੀ ਤੌਰ ’ਤੇ ਪੰਜਾਬ ਤੇ ਕਿਸਾਨਾਂ ਨਾਲ ਈਰਖਾ ਰੱਖ ਰਹੀ ਹੈ। ਉਨ੍ਹਾਂ ਕਿਹਾ ਕਦੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨਾਂ ਦੇ ਹੱਕਾਂ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਪੰਜਾਬ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਪੰਜਾਬ ਦੀ ਨੁਮਾਇੰਦਗੀ ਖਤਮ ਕਰਕੇ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ।