ਏਪੀਜੇ ਗਰੁੱਪ ਨਾਲ ਅਮਰਿੰਦਰ ਸਿੰਘ ਕਰ ਗਏ ਸਨ ਐਮਓਯੂ ਸਾਈਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਅਕਤੂਬਰ
ਪਟਿਆਲਾ ਦੀ ਵਿਰਾਸਤ ਦਾ ਮੁੱਢ ਕਿਲ੍ਹਾ ਮੁਬਾਰਕ ਵਿੱਚ ਹੁਣ ਪੰਜ ਤਾਰਾ ਹੋਟਲ ਬਣਨ ਜਾ ਰਿਹਾ ਹੈ। ਇਸ ਸਬੰਧੀ ਏ.ਪੀ.ਜੇ. ਗਰੁੱਪ ਨਾਲ ਰਸਮੀ ਤੌਰ ’ਤੇ ਐਮਓਯੂ ਵੀ ਕਲਮਬੰਦ ਹੋ ਗਿਆ ਹੈ। ਇਹ ਸਮਝੌਤਾ ਹਾਲਾਂਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ, ਪਰ ਸਮਝੌਤੇ ਅਨੁਸਾਰ ਏਪੀਜੇ ਗਰੁੱਪ ਵੱਲੋਂ ਇਸ ਨੂੰ ਪੰਜ ਤਾਰਾ ਹੋਟਲ ਬਣਾਉਣ ਲਈ ਕਾਰਵਾਈ ਅਗਲੇ ਦਿਨਾਂ ’ਚ ਆਰੰਭ ਕਰ ਦਿੱਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੇ ਭੀੜ ਭਰੇ ਇਲਾਕੇ ਵਿੰਚ ਕਿਲ੍ਹਾ ਮੁਬਾਰਕ ਮੌਜੂਦ ਹੈ। ਸੈਲਾਨੀ ਇਸ ਨੂੰ ਦੂਰੋਂ ਦੂਰੋਂ ਦੇਖਣ ਲਈ ਆਉਂਦੇ ਹਨ ਪਰ ਪਿਛਲੇ ਕਈ ਸਾਲਾਂ ਤੋਂ ਇਸ ਦੀ ਮੁਰੰਮਤ ਚੱਲ ਰਹੀ ਹੈ ਜਿਸ ਕਰਕੇ ਆਮ ਲੋਕਾਂ ਲਈ ਕਿਲ੍ਹਾ ਮੁਬਾਰਕ ਬੰਦ ਕੀਤਾ ਹੋਇਆ ਸੀ। ਹਾਲ ਹੀ ਵਿੱਚ ਪੰਜਾਬੀ ਟ੍ਰਿਬਿਊਨ ਨੂੰ ਪਤਾ ਲੱਗਾ ਕਿ ਇਸ ਵਿੱਚ ਪੰਜ ਤਾਰਾ (ਫਾਈਵ ਸਟਾਰ) ਹੋਟਲ ਬਣਨ ਜਾ ਰਿਹਾ ਹੈ। ਇਤਿਹਾਸ ਅਨੁਸਾਰ ਬਾਬਾ ਆਲਾ ਸਿੰਘ ਦੀ ਦੂਰਅੰਦੇਸ਼ੀ ਦੀ ਬਦੌਲਤ ਪਟਿਆਲਾ ਸ਼ਹਿਰ ‘ਪਟਿਆਲਾ ਰਿਆਸਤ’ ਦੀ ਸੰਨ 1765 ਤੋਂ ਦੇਸ਼ ਆਜ਼ਾਦ ਹੋਣ ਤੱਕ ਰਾਜਧਾਨੀ ਰਿਹਾ ਹੈ। ਉਨ੍ਹਾਂ ਨੇ ਇੱਥੇ 1757 ’ਚ ਇੱਕ ਕੱਚੀ ਗੜ੍ਹੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ। ਪੱਟੀ ਦੇ ਆਲੇ ਦੀ ‘ਅੱਲ’ ਮਗਰੋਂ ਇਹ ਸ਼ਹਿਰ ਪਟਿਆਲਾ ਦੇ ਨਾਂ ’ਤੇ ਪ੍ਰਸਿੱਧ ਹੋਇਆ। ਇਸ ਕਿਲ੍ਹੇ ਦਾ ਅੰਦਰੂਨੀ ਭਾਗ 10 ਏਕੜ ’ਚ ਬਣਿਆ ਹੈ। ਇਸ ਕਿਲ੍ਹੇ ਦਾ ਅਹਿਮ ਭਾਗ ‘ਅੰਦਰੂਨ ਕਿਲ੍ਹੇ’ ’ਚ ਵੱਡ ਆਕਾਰੀ ਇਮਾਰਤਾਂ ਭਵਨ ਉਸਾਰੀ ਦੀ ਕਮਾਲ ਹਨ, ਕਿਲ੍ਹਾ ਅੰਦਰੂਨ ’ਚ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰ ਵੀ ਲੱਗੇ ਹਨ। ਕਿਲ੍ਹੇ ’ਚ ਸਥਾਪਤ ਅਜਾਇਬਘਰ ਜਿੱਥੇ ਹਥਿਆਰਾਂ ਦੀ ਗੈਲਰੀ ਹੈ, ਵੀ ਵਿਲੱਖਣ ਮੀਨਾਕਾਰੀ ਨਾਲ ਲਬਰੇਜ਼ ਹੈ। ਅਜਾਇਬਘਰ, ਜਿਹੜਾ ਆਮ ਲੋਕਾਂ ਲਈ ਪੁਰਾਤਤਵ ਤੇ ਸਭਿਆਚਾਰਕ ਵਿਭਾਗ ਪੰਜਾਬ ਨੇ ਹਾਲ ਦੀ ਘੜੀ ਖੋਲ੍ਹਿਆ ਹੈ, ਵਿੱਚ ਪੁਰਾਣੀਆਂ ਇਤਿਹਾਸਕ ਬੰਦੂਕਾਂ, ਪਿਸਤੌਲ, ਭਾਲੇ, ਟੋਪ, ਢਾਲਾਂ, ਨੇਜ਼ੇ ਤੇ ਤਲਵਾਰਾਂ ਪ੍ਰਦਰਸ਼ਿਤ ਹਨ। ਝਾੜ ਫ਼ਾਨੂਸ ਵੀ ਕਾਫ਼ੀ ਸੁੰਦਰ ਹਨ। ਇਸ ’ਚ ਬਾਦਸ਼ਾਹ ਨਾਦਰਸ਼ਾਹ ਦੀ ਤਲਵਾਰ ‘ਸ਼ਿਕਾਰਗਾਹ’ ਤੇ ਈਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਦੀ ਤਲਵਾਰ ਵੀ ਸ਼ਾਮਲ ਹੈ। ਗੁਰੂ ਗੋਬਿੰਦ ਸਿੰਘ ਦੀ ਤਲਵਾਰ ਸਮੇਤ ਹੋਰ ਹਥਿਆਰਾਂ ਦੀਆਂ ਦੁਰਲੱਭ ਨਿਸ਼ਾਨੀਆਂ ਇੱਥੇ ਹਨ। ਬਾਬਾ ਆਲਾ ਸਿੰਘ ਮਗਰੋਂ ਪਟਿਆਲਾ ਰਿਆਸਤ ਦੇ ਬਾਕੀ ਬਾਦਸ਼ਾਹ ਸਮੇਂ ਸਮੇਂ ਇਸ ਕਿਲ੍ਹੇ ਦੇ ਵਜੂਦ ’ਚ ਹੋਰ ਰੰਗ ਵੀ ਭਰਦੇ ਰਹੇ। ਰਿਆਸਤ ਦੇ ਮਹਾਰਾਜਾ ਸਾਹਿਬ ਸਿੰਘ ਦੇ ਕਾਰਜਕਾਲ ਦੌਰਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਸੰਸਾਰ ‘ਚੋਂ ਕਈ ਹੋਰ ਅਹਿਮ ਸ਼ਾਸਕ ਤੇ ਸ਼ਖ਼ਸੀਅਤਾਂ ਵੀ ਇਸ ਕਿਲ੍ਹੇ ‘ਚ ਆਈਆਂ ਦੱਸੀਆਂ ਜਾਂਦੀਆਂ ਹਨ।
ਡੱਬੀ
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿੱਤ ਨੇ ਕਿਹਾ ਕਿ ਪਿਛਲੇ ਦਿਨੀਂ ਪਟਿਆਲਾ ਦੇ ਕਿਲ੍ਹਾ ਮੁਬਾਰਕ ਨੂੰ ਪੰਜ ਤਾਰਾ ਹੋਟਲ ਬਣਾਉਣ ਲਈ ਐਮਓਯੂ ਸਾਈਨ ਹੋ ਚੁੱਕਿਆ ਹੈ। ਏਪੀਜੇ ਗਰੁੱਪ ਵੱਲੋਂ ਕੁਝ ਸਮੇਂ ਵਿੱਚ ਹੀ ਇਸ ’ਤੇ ਕੰਮ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ ਕਿਲ੍ਹੇ ਦੀ ਸਰਕਾਰੀ ਪੱਧਰ ’ਤੇ ਮੁਰੰਮਤ ਚੱਲ ਰਹੀ ਹੈ। ਹੁਣ ਇਸ ਦਾ ਸਾਰਾ ਕੰਮ ਏਪੀਜੇ ਗਰੁੱਪ ਵੱਲੋਂ ਹੀ ਸੰਭਾਲਿਆ ਜਾਵੇਗਾ।
ਕੈਪਸ਼ਨ: : ਪੰਜ ਤਾਰਾ ਹੋਟਲ ਬਣਨ ਤੋਂ ਬਾਅਦ ਅਜਿਹਾ ਲੱਗੇਗਾ ਕਿਲ੍ਹਾ ਮੁਬਾਰਕ।