ਖੇਤਰੀ ਪ੍ਰਤੀਨਿਧ
ਪਟਿਆਲਾ, 31 ਮਈ
ਇੱਥੇ ਸਰਹਿੰਦ ਰੋਡ ’ਤੇ ਸਥਿਤ ਕਲੇਰੀਅਨ ਹੋਟਲ ਕੋਲੋਂ ਅੱਜ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਐਕਟਿਵਾ ਸਵਾਰ ਬੈਂਕ ਮੁਲਾਜ਼ਮ ਕੋਲੋਂ 3.50 ਲੱਖ ਰੁਪਏ ਖੋਹ ਲਏ। ਇਸ ਘਟਨਾ ਦਾ ਸ਼ਿਕਾਰ ਹੋਇਆ ਅਸ਼ੋਕ ਕੁਮਾਰ ਸਥਾਨਕ ਸ਼ਹਿਰ ਦੇ ਹੀ ਐਸਐਸਟੀ ਨਗਰ ਖੇਤਰ ਦਾ ਰਹਿਣ ਵਾਲਾ ਹੈ।
ਸੈਂਟਰਲ ਬੈਂਕ ਦੇ ਕੈਸ਼ ਕੁਲੈਕਟਰ ਵਜੋਂ ਕੰਮ ਕਰਦੇ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਹ ਜਦੋਂ ਐਕਟਿਵਾ ’ਤੇ ਸ਼ਹਿਰ ਤੋਂ ਸਰਹਿੰਦ ਰੋਡ ਵੱਲ ਜਾ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਲਪੇਟ ਹੋਏ ਸਨ। ਇਸ ਦੌਰਾਨ ਉਹ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਲੈ ਗਏ ਜਿਸ ਵਿੱਚ ਸਾਢੇ ਤਿੰਨ ਲੱਖ ਰੁਪਏ ਸਨ। ਘਟਨਾ ਦਾ ਪਤਾ ਲੱਗਣ ’ਤੇ ਇਲਾਕੇ ਦੇ ਡੀਐਸਪੀ ਸੌਰਵ ਜਿੰਦਲ ਅਤੇ ਥਾਣਾ ਅਨਾਜ ਮੰਡੀ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋਂ ਵੀ ਘਟਨਾ ਸਥਾਨ ’ਤੇ ਪੁੱਜ ਗਏ ਸਨ ਪਰ ਦੇਰ ਸ਼ਾਮ ਤੱਕ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਥਾਣਾ ਮੁਖੀ ਹਰਜਿੰਦਰ ਢਿੱਲੋਂ ਦਾ ਕਹਿਣਾ ਸੀ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।