ਖੇਤਰੀ ਪ੍ਰਤੀਨਿਧ
ਪਟਿਆਲਾ, 30 ਮਈ
ਫੌਜ ਵਿੱਚੋਂ ਸੇਵਾਮੁਕਤ ਹੋਣ ਉਪਰੰਤ ਪੰਜਾਬ ਐਂਡ ਸਿੰਧ ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਸਕਿਉਰਿਟੀ ਗਾਰਡ ਵਜੋਂ ਕਾਰਜਸ਼ੀਲ ਸਾਬਕਾ ਸੈਨਿਕਾਂ ਨੂੰ ਖਦਸ਼ਾ ਹੈ ਕਿ ਠੇਕੇ ਸਬੰਧੀ ਨਵੀਂ ਕੰਪਨੀ ਆਉਣ ਕਾਰਨ ਪਹਿਲੀ ਜੂਨ ਤੋਂ ਉਨ੍ਹਾਂ ਨੂੰ ਨੌਕਰੀਓਂ ਹਟਾ ਦਿੱਤਾ ਜਾਵੇਗਾ। ਇਸੇ ਕਰ ਕੇ ਪਟਿਆਲਾ, ਸੰਗਰੂਰ ਅਤੇ ਬਰਨਾਲਾ ਨਾਲ ਸਬੰਧਤ ਗਾਰਡ ਕਈ ਦਿਨਾਂ ਤੋਂ ਬੈਂਕ ਦੇ ਪਟਿਆਲਾ ਸਥਿਤ ਜ਼ੋਨਲ ਪੱਧਰੇ ਦਫਤਰ ਦੇ ਬਾਹਰ ਧਰਨਾ ਦਿੰਦੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਸਥਾਨਕ ਅਧਿਕਾਰੀਆਂ ਨੇ 30 ਮਈ ਨੂੰ ਉਨ੍ਹਾਂ ਦੀ ਬੈਂਕ ਦੇ ਅਧਿਕਾਰੀਆਂ ਨਾਲ ਮੀਟਿੰੰਗ ਕਰਵਾ ਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਵਾਉਣ ’ਤੇ ਧਰਨਾ ਮੁਲਤਵੀ ਕਰਾ ਦਿੱਤਾ ਸੀ। ਪਰ ਅੱਜ 30 ਮਈ ਨੂੰ ਇਹ ਵਾਅਦਾ ਪੂਰਾ ਨਾ ਹੋਣ ਦੇ ਚੱਲਦਿਆਂ ਉਨ੍ਹਾਂ ਨੇ ਮੁਲਤਵੀ ਕੀਤਾ ਧਰਨਾ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ। ‘ਪੰਜਾਬ ਸਾਬਕਾ ਸੈਨਿਕ ਗੰਨਮੈਨ ਯੂਨੀਅਨ’ ਦੀ ਅਗਵਾਈ ਹੇਠਾਂ ਜਾਰੀ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤ ਪਰਗਟ ਸਿੰਘ ਅਤੇ ਹੋਰਾਂ ਦਾ ਕਹਿਣਾ ਸੀ ਕਿ ਉਹ ਆਪਣਾ ਰੁਜ਼ਗਾਰ ਬਚਾਉਣ ਲਈ ਇੱਥੇ ਪਰਿਵਾਰਕ ਮੈਂਬਰਾਂ ਸਮੇਤ ਧਰਨੇ ’ਤੇ ਬੈਠੇ ਹਨ।