ਪੱਤਰ ਪ੍ਰੇਰਕ
ਪਾਤੜਾਂ, 10 ਜਨਵਰੀ
ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਝੂਠੇ ਡਰੱਗ ਕੇਸ ਵਿੱਚ ਫਸਾਏ ਗਏ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਲੀ ਅਗਾਊਂ ਜ਼ਮਾਨਤ ਨੇ ਕਾਂਗਰਸ ਦੇ ਝੂਠ ਤੋਂ ਪਰਦਾ ਚੁੱਕ ਕੇ ਰੱਖ ਦਿੱਤਾ ਹੈ। ਅਗਾਊਂ ਜ਼ਮਾਨਤ ਮਿਲਣ ਨੇ ਕਾਂਗਰਸ ਦੇ ਝੂਠ ਤੋਂ ਪਰਦਾ ਚੁੱਕ ਕੇ ਰੱਖ ਦਿੱਤਾ ਹੈ ਤੇ ਜਿੱਤ ਸਚਾਈ ਦੀ ਹੋਵੇਗੀ। ਹਲਕਾ ਸ਼ੁਤਰਾਣਾ ਤੋਂ ਅਕਾਲੀ ਬਸਪਾ ਗੱਠਜੋੜ ਦੀ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਨੇ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਬੀਬੀ ਲੂੰਬਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੀਆਂ ਨਾਕਾਮੀਆਂ ਛੁਪਾਉਣ ਦੇ ਮਕਸਦ ਨਾਲ ਝੂਠਾ ਡਰੱਗ ਕੇਸ ਬਣਾ ਕੇ ਮਜੀਠੀਆ ਖ਼ਿਲਾਫ਼ ਸਾਜ਼ਿਸ਼ ਰਚੀ ਸੀ ਪਰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਨੂੰ ਅਗਾਊਂ ਜ਼ਮਾਨਤ ਦੇ ਕੇ ਕਾਂਗਰਸ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ। ਸੱਚਾਈ ਬਹੁਤੀ ਦੇਰ ਤਕ ਨਹੀਂ ਛੁਪਦੀ ਇੱਕ ਦਿਨ ਝੂਠ ਦਾ ਪਰਦਾ ਪਾੜ ਕੇ ਸਾਹਮਣੇ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡਰੱਗ ਮਾਮਲੇ ਨੂੰ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਝੂਠੀ ਬਿਆਨਬਾਜ਼ੀ ਲਈ ਉਹ ਪਹਿਲਾਂ ਹੀ ਮੁਆਫੀ ਮੰਗ ਚੁੱਕੇ ਹਨ ਤੇ ਹੁਣ ਕਾਂਗਰਸ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ।