ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਅਕਤੂਬਰ
ਇਥੋਂ ਦੇ ਮਾਤਾ ਕਾਲੀ ਦੇਵੀ ਮੰਦਿਰ ਦੇ ਪਿੱਛੇ ਰਾਜਿੰਦਰ ਝੀਲ ਵੱਲੋਂ ਮੰਦਿਰ ਤੱਕ ਜਾਣ ਵਾਲੀ ਸੜਕ ਪਿਛਲੇ 10 ਮਹੀਨਿਆਂ ਤੋਂ ਖ਼ਰਾਬ ਹਾਲਤ ਵਿੱਚ ਹੈ। ਨਵਰਾਤਰਿਆਂ ਦਾ ਤਿਉਹਾਰ ਪੰਜ ਦਿਨਾਂ ਵਿੱਚ ਸ਼ੁਰੂ ਹੋਣ ਵਾਲਾ ਹੈ ਪਰ ਨਗਰ ਨਿਗਮ ਜਾਂ ਪ੍ਰਸ਼ਾਸਨ ਵੱਲੋਂ ਇਸ ਸੜਕ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ।
ਇਸ ਸਬੰਧ ਵਿਚ ‘ਆਪ’ ਆਗੂ ਸੰਦੀਪ ਬੰਧੂ ਤੇ ਕੁੰਦਨ ਗੋਗੀਆ ਨੇ ਕਿਹਾ ਕਿ ਇਸ ਸੜਕ ਤੋਂ ਸ਼ਰਧਾਲੂਆਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ। ਮੰਦਿਰ ਦੇ ਬਾਹਰ ਪ੍ਰਸ਼ਾਦ ਦੀਆਂ ਰੇਹੜੀਆਂ ਲਗਾਉਂਦੇ ਕੁਝ ਦੁਕਾਨਦਾਰਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵਿਥਿਆ ਸੁਣਾਈ। ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਦੱਸਿਆ ਕਿ ਮੰਦਿਰ ਦੇ ਪਿੱਛੇ ਰਾਜਿੰਦਰ ਝੀਲ ਵੱਲੋਂ ਮੰਦਿਰ ਤੱਕ ਜਾਣ ਵਾਲੀ ਸੜਕ ਪਿਛਲੇ 10 ਮਹੀਨਿਆਂ ਤੋਂ ਖ਼ਰਾਬ ਹਾਲਤ ਵਿੱਚ ਹੈ। ਨਗਰ ਨਿਗਮ ਨੇ ਦਸ ਮਹੀਨੇ ਪਹਿਲਾਂ ਨਵੀਂ ਸੀਵਰੇਜ ਲਾਈਨ ਪਾਉਣ ਲਈ ਸੜਕ ਨੂੰ ਪੁੱਟਿਆ ਸੀ ਤੇ ਸੀਵਰੇਜ ਲਾਈਨ ਪਾਉਣ ਤੋਂ ਬਾਅਦ ਇਸ ਨੂੰ ਇਸੇ ਤਰਾਂ ਛੱਡ ਦਿੱਤਾ ਗਿਆ। ਬਰਸਾਤ ਦੇ ਮੌਸਮ ਵਿੱਚ ਸੜਕ ’ਤੇ ਚਿੱਕੜ ਹੋ ਜਾਂਦਾ ਹੈ। ਖ਼ਰਾਬ ਰਸਤੇ ਕਾਰਨ ਸ਼ਰਧਾਲੂਆਂ ਨੂੰ ਮੰਦਿਰ ਜਾਣ ਲਈ ਲੰਬਾ ਰਸਤਾ ਤੈਅ ਕਰਕੇ ਮਾਲ ਰੋਡ ਵਾਲੇ ਪਾਸਿਓਂ ਮੰਦਰ ਜਾਣਾ ਪੈਂਦਾ ਹੈ। ਸਵੇਰੇ ਵੇਲੇ ਕਈ ਸ਼ਰਧਾਲੂ ਮੰਦਿਰ ਵਿੱਚ ਨੰਗੇ ਪੈਰ ਮਾਤਾ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਪਰ ਖ਼ਰਾਬ ਸੜਕ ਕਾਰਨ ਉਨ੍ਹਾਂ ਨੂੰ ਦਿੰਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵਰਾਤਰਿਆਂ ਵਿੱਚ ਪੂਰੇ ਪੰਜਾਬ ਵਿੱਚੋਂ ਸ਼ਰਧਾਲੂ ਆਉਂਦੇ ਹਨ ਤੇ ਸੜਕ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਮੇਅਰ ਵੱਲੋਂ ਕਾਰਵਾਈ ਦਾ ਭਰੋਸਾ
ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਸੜਕ ਠੀਕ ਹੈ ਅਤੇ ਜੇਕਰ ਕੋਈ ਖ਼ਰਾਬੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।