ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਅਪਰੈਲ
ਨਗਰ ਕੌਂਸਲ ਪਾਤੜਾਂ ਵਿੱਚ ਇਕੋ ਇਕ ਬੀਸੀ ਕੌਂਸਲਰ ਹੋਣ ਦੇ ਬਾਵਜੂਦ ਪ੍ਰਧਾਨਗੀ ਇਸ ਵਾਰ ਸਰਕਾਰ ਵਲੋਂ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂ ਕੀਤੇ ਜਾਣ ਉੱਤੇ ਜਨਰਲ ਵਰਗ ਦੇ ਕੌਂਸਲਰਾਂ ਵਿਚ ਭਾਰੀ ਨਿਰਾਸ਼ਾ ਹੈ । ਸ਼ਹਿਰ ਦੇ ਦੋ ਬੀਸੀ ਕੌਂਸਲਰਾਂ ਵਿਚੋਂ ਇਕ ਜਨਰਲ ਸੀਟ ਤੋਂ ਜਿੱਤਿਆ ਹੈ ਜਦੋਂ ਕਿ ਦੂਸਰਾ ਕੌਂਸਲਰ ਬੀਸੀ ਰਿਜ਼ਰਵ ਵਾਰਡ ਤੋਂ ਜਿੱਤਿਆ ਹੈ। ਪੱਛੜੀਆਂ ਸ਼੍ਰੇਣੀਆਂ ਲਈ ਪ੍ਰਧਾਨਗੀ ਦੀ ਸੀਟ ਰਾਖਵੀਂ ਕੀਤੇ ਜਾਣ ਤੋਂ ਬਾਅਦ ਦੋਵੇਂ ਉਮੀਦਵਾਰਾਂ ਵਿਚ ਦੌੜ ਲੱਗੀ ਹੋਈ ਹੈ। ਉਧਰ ਅਦਾਲਤ ਨੇ ਜਰਨਲ ਸੀਟ ਤੋਂ ਚੁਣੇ ਗਏ ਪਛੜੀਆਂ ਸ਼੍ਰੇਣੀ ਦੇ ਕੌਂਸਲਰ ਰਣਵੀਰ ਸਿੰਘ ਦੇ ਹੱਕ ਵਿੱਚ ਫ਼ੈਸਲਾ ਦਿੰਦਿਆਂ ਪ੍ਰਧਾਨਗੀ ਲਈ ਉਮੀਦਵਾਰ ਬਣਨ ਲਈ ਹਰੀ ਝੰਡੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਪਾਤੜਾਂ ਦੀ ਚੋਣ ਵਿੱਚ ਕਾਂਗਰਸ ਦੇ 7 ਅਤੇ ਅਕਾਲੀ ਦਲ ਦੇ 3 ਜਦੋਂ ਕਿ 7 ਆਜ਼ਾਦ ਕੌਂਸਲਰ ਜਿੱਤੇ ਹਨ। ਨੋਟੀਫਿਕੇਸ਼ਨ ਦੇ ਮੁਤਾਬਕ ਨਗਰ ਕੌਂਸਲ ਦੀ ਪ੍ਰਧਾਨਗੀ ਪਛੜੀਆਂ ਸ਼੍ਰੇਣੀਆਂ ਵਾਰਡ ਨੰਬਰ-10 ਤੋਂ ਜਿੱਤੇ ਕੌਂਸਲਰ ਬਰਜਿੰਦਰ ਸਿੰਘ ਸੋਨੀ ਦਾ ਪ੍ਰਧਾਨ ਬਣਨਾ ਤੈਅ ਮੰਨਿਆ ਜਾ ਰਿਹਾ ਸੀ ਪਰ ਜਰਨਲ ਸੀਟ ਤੋਂ ਚੁਣੇ ਗਏ ਪੱਛੜੀ ਸ਼੍ਰੇਣੀ ਨਾਲ ਸਬੰਧਤ ਕੌਂਸਲਰ ਰਣਵੀਰ ਸਿੰਘ ਨੇ ਇਸ ਸਬੰਧੀ ਹਾਈ ਕੋਰਟ ਵਿਚ ਚੁਣੌਤੀ ਦਿੱਤੇ ਜਾਣ ਮਗਰੋਂ ਅਦਾਲਤ ਨੇ ਰਣਵੀਰ ਸਿੰਘ ਦੇ ਹੱਕ ਵਿਚ ਫ਼ੈਸਲਾ ਦੇ ਕੇ ਸਾਰੀਆਂ ਅੜਿੱਚਣਾਂ ਦੂਰ ਕਰ ਦਿੱਤੀਆਂ ਹਨ। ਪ੍ਰਧਾਨਗੀ ਦੀ ਚੋਣ ਲਈ ਸਰਕਾਰ ਵਲੋਂ 15 ਅਪਰੈਲ ਤੈਅ ਕੀਤੀ ਗਈ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਪਛੜੀਆਂ ਸ਼੍ਰੇਣੀਆਂ ਦੇ 2 ਕੌਂਸਲਰਾਂ ਵਿਚੋਂ ਕਿਸ ਦੇ ਸਿਰ ‘ਤੇ ਪ੍ਰਧਾਨਗੀ ਦਾ ਤਾਜ ਸਜੇਗਾ।