ਰਵੇਲ ਸਿੰਘ ਭਿੰਡਰ
ਪਟਿਆਲਾ, 26 ਜੁਲਾਈ
ਸਕੂਲਾਂ ’ਚ ਅੱਜ ਲੰਮੇ ਅਰਸੇ ਮਗਰੋਂ ਵਿਦਿਆਰਥੀਆਂ ਦੀ ਆਮਦ ਨਾਲ ਮੁੜ ਰੌਣਕਾਂ ਪਰਤ ਆਈਆਂ ਹਨ। ਸਰਕਾਰ ਵੱਲੋਂ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੇ ਜਾਣ ਨਾਲ ਇਨ੍ਹਾਂ ਜਮਾਤਾਂ ਦੀ ਆਫ਼ ਲਾਈਨ ਪੜ੍ਹਾਈ ਸ਼ੁਰੂ ਹੋ ਗਈ ਹੈ। ਵਰਨਣਯੋਗ ਹੈ ਕਿ ਵਿਦਿਆਰਥੀਆਂ ਲਈ ਮਾਰਚ ਮਹੀਨੇ ਤੋਂ ਸਕੂਲਾਂ ਦੀ ਹੋਈ ਤਾਲਾਬੰਦੀ ਦੇ ਚੱਲਦਿਆਂ ਅਧਿਆਪਕਾਂ ਵੱਲੋਂ ਨਵੇਂ ਸੈਸ਼ਨ ਦੀ ਪੜ੍ਹਾਈ ਆਨਲਾਈਨ ਤਰੀਕੇ ਨਾਲ ਹੀ ਕਰਵਾਈ ਜਾ ਰਹੀ ਸੀ। ਪਰ ਹੁਣ ਪਹਿਲੇ ਗੇੜ ਦੌਰਾਨ ਦਸਵੀਂ ਤੋਂ ਬਾਰ੍ਹਵੀਂ ਜਮਾਤਾਂ ਦੀ ਆਫ਼ਲਾਈਨ ਪੜ੍ਹਾਈ ਮੁੜ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ (ਸ) ਹਰਿੰਦਰ ਕੌਰ ਨੇ ਦੱਸਿਆ ਕਿ ਸਿਹਤ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਕਰੋਨਾ ਬਚਾਅ ਸਬੰਧੀ ਨਿਯਮਾਂਵਲੀ ਦੀ ਪਾਲਣਾ ਨਾਲ ਜ਼ਿਲ੍ਹੇ ਦੇ ਸਮੂਹ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਦੀ ਕਲਾਸ ਰੂਮ ਪੜਾਈ ਬਕਾਇਦਾ ਰੂਪ ਵਿੱਚ ਸ਼ੁਰੂ ਹੋ ਗਈ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਅਰਸੇ ਦੀ ਤਾਲਾਬੰਦੀ ਉਪਰੰਤ ਅੱਜ ਵਿਦਿਆਰਥੀ ਚਾਅ ਅਤੇ ਉਤਸ਼ਾਹ ਨਾਲ ਸਕੂਲਾਂ ਵਿੱਚ ਪਹੁੰਚੇ। ਉਨ੍ਹਾਂ ਦੱਸਿਆ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਕੂਲ ਪਹੁੰਚਣ ਵਾਲੇ ਵਿਦਿਆਰਥੀਆਂ ਅਤੇ ਮਾਪੇ ਅਧਿਆਪਕ ਮਿਲਣੀ ਲਈ ਪਹੁੰਚੇ ਮਾਪਿਆਂ ਨੂੰ ਜੀ ਆਇਆਂ ਕਿਹਾ ਗਿਆ।
ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ। ਸਕੂਲਾਂ ਦੇ ਦੌਰੇ ਦੌਰਾਨ ਸਕੂਲ ਖੁੱਲ੍ਹਣ ਦੀ ਖੁਸ਼ੀ ਸਕੂਲ ਮੁਖੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਚਿਹਰਿਆਂ ’ਤੇ ਸਾਫ਼ ਵਿਖਾਈ ਦੇ ਰਹੀ ਸੀ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਹੀ ਸਕੂਲਾਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਬਾਰੇ ਹਦਾਇਤਾਂ ਦੇ ਪਾਲਣ ਲਈ ਪ੍ਰੇਰਿਤ ਕੀਤਾ ਗਿਆ।
ਤਕਰੀਬਨ ਪੰਜ ਮਹੀਨਿਆਂ ਬਾਅਦ ਸਕੂਲ ਪਹੁੰਚੇ ਵਿਦਿਆਰਥੀ ਸ਼ਰਨਦੀਪ ਸਿੰਘ ਚੀਮਾ ਨੇ ਸਕੂਲ ਖੁੱਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।