ਖੇਤਰੀ ਪ੍ਰਤੀਨਿਧ
ਪਟਿਆਲਾ, 3 ਅਗਸਤ
75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਮਨਾਉਂਦਿਆਂ ਸਾਂਝ ਕੇਂਦਰ ਪਟਿਆਲਾ ਵੱਲੋਂ ਸਾਂਝੇ ਤੌਰ ’ਤੇ ਬਡੂੰਗਰ ਖੇਤਰ ਵਿੱਚ ਔਰਤਾਂ ਅਤੇ ਬੱਚਿਆਂ ਦੇ ਹੱਕਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਸਹਿਯੋਗੀ ਵਜੋਂ ਸ਼ਾਮਲ ਹੋਏ ਸੀਡੀਪੀਓ (ਅਰਬਨ) ਕੋਮਲਪ੍ਰੀਤ ਕੌਰ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸਮਾਜ ਸੇਵੀ ਅਤੇ ਪੋਲੀਟੈਕਨਿਕ ਕਾਲਜ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਲੜਕੀਆਂ ਨੂੰ ਪੜ੍ਹਾਈ ਦੀ ਅਹਿਮੀਅਤ ਬਾਰੇ ਦੱਸਦਿਆਂ ਸਰਕਾਰ ਵੱਲੋਂ ਲੜਕੀਆਂ ਦੀ ਪੜ੍ਹਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਆਪਣੇ ਕਈ ਸਾਲਾਂ ਦੇ ਤਜਰਬੇ ਸਾਂਝੇ ਕਰਦਿਆਂ ਪ੍ਰੋ. ਗੁਰਬਖਸ਼ੀਸ਼ ਨੇ ਪੋਲੀਟੈਕਨਿਕ ਦੇ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ। ਬਾਲ ਸੁਰੱਖਿਆ ਅਫ਼ਸਰ ਗੁਰਮੀਤ ਸਿੰਘ ਨੇ ਬੱਚਿਆਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੁਮਾਇੰਦੇ ਪਰਮਜੀਤ ਸਿੰਘ ਨੇ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ। ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਸਾਂਝ ਕੇਂਦਰ ਦੀ ‘ਐਪ’ ਅਤੇ ਸ਼ਕਤੀ ‘ਐਪ’ ਸਮੇਤ ਕੇਂਦਰ ਦੀਆਂ ਹੋਰ ਸਕੀਮਾਂ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸੁਪਰਵਾਈਜ਼ਰ ਮੈਰੀ ਅਤੇ ਜਸਪ੍ਰੀਤ ਕੌਰ ਹਾਜ਼ਰ ਸਨ।