ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 29 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿੱਢੇ ਮਿਸ਼ਨ ਫ਼ਤਿਹ ਤਹਿਤ ਅੱਜ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਦੇ ਸਮੂਹ ਸਟਾਫ਼ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਪਟਿਆਲਾ ਜ਼ਿਲ੍ਹੇ ਦੇ ਤਕਨੀਕੀ ਕਾਲਜਾਂ ਦੇ ਨੋਡਲ ਅਫ਼ਸਰ ਅਤੇ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਦੀ ਅਗਵਾਈ ਵਿੱਚ ਕਾਲਜ ਦੇ ਸਮੂਹ ਸਟਾਫ਼ ਵੱਲੋਂ 27 ਟੀਮਾਂ ਬਣਾਕੇ ਸ਼ਹਿਰ ਦੀਆਂ ਵੱਖ ਵੱਖ ਕਲੋਨੀਆਂ ’ਚ ਕਰੀਬ 5 ਹਜ਼ਾਰ ਘਰਾਂ ਵਿੱਚ ਜਾਕੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਕਾਲਜ ਦੇ ਮਿਸ਼ਨ ਫ਼ਤਿਹ ਦੇ ਨੋਡਲ ਅਫ਼ਸਰ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਸਟਾਫ਼ ਵੱਲੋਂ ਅੱਜ ਵੱਖ ਵੱਖ 27 ਟੀਮਾਂ ਬਣਾਕੇ ਨਵਾਂ ਬਿਸ਼ਨ ਨਗਰ, ਪੁਰਾਣਾ ਬਿਸ਼ਨ ਨਗਰ, ਰਾਮ ਨਗਰ, ਜੁਝਾਰ ਨਗਰ, ਤੇਜ਼ ਬਾਗ ਕਲੋਨੀ, ਮਥੁਰਾ ਕਲੋਨੀ, ਟਰੈਕਟਰ ਮਾਰਕੀਟ, ਸਦਰ ਥਾਣਾ ਨੇੜੇ ਇਲਾਕੇ ਅਤੇ ਟਰੱਕ ਯੂਨੀਅਨ ਵਿੱਚ ਤਕਰੀਬਨ 10 ਹਜ਼ਾਰ ਵਿਅਕਤੀਆਂ ਨੂੰ ਕਰੋਨਾ ਤੋਂ ਬਚਾਅ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਪੈਂਫਲੈਟ ਵੰਡੇ ਗਏ ਅਤੇ ਮਾਸਕ ਪਾਉਣ, ਸਾਬਣ ਨਾਲ 20 ਸੈਕਿੰਡ ਤੱਕ ਹੱਥ ਧੋਣ, ਸਮਾਜਿਕ ਦੂਰੀ ਰੱਖਣ ਅਤੇ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਕਰੋਨਾ ਤੋਂ ਬਚਣ ਲਈ ਪ੍ਰੇਰਿਆ
ਰਾਜਪੁਰਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਕੋਵਿਡ-19 ਨੂੰ ਪੰਜਾਬ ਵਿੱਚੋਂ ਜੜ੍ਹੋਂ ਖ਼ਤਮ ਕਰਨ ਲਈ ‘ਮਿਸ਼ਨ ਫਤਿਹ’ ਮੁਹਿੰਮ ਤਹਿਤ ਇੱਥੋਂ ਦੀ ਉਦਯੋਗਿਕ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਦੀਪਾਲੀ, ਇੰਸਟ੍ਰਕਟਰ ਗੁਰਮੁਖ ਸਿੰਘ ਅਤੇ ਪੁਲੀਸ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਬਸੰਤਪੁਰਾ ਸਮੇਤ ਹੋਰਨਾਂ ਨੇੜਲੇ ਪਿੰਡਾਂ ਵਿੱਚ ਲੋਕਾਂ ਨੂੰ ਘਰ ਘਰ ਜਾ ਕੇ ਕੋਵਿਡ-19 ਦੀ ਮਹਾਮਾਰੀ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੁਹਿੰਮ ਦੌਰਾਨ ਜਾਗਰੂਕਤਾ ਟੀਮ ਵੱਲੋਂ ਲੋਕਾਂ ਦੇ ਘਰਾਂ ਦੇ ਬਾਹਰ ਕੋਵਿਡ-19 ਦੀ ਮਹਾਮਾਰੀ ਤੋਂ ਬਚਣ ਲਈ ਪੋਸਟਰ ਚਿਪਕਾਏ ਗਏ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।