ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਨਵੰਬਰ
ਸਵਾਰੀਆਂ ਚੁੱਕਣ ਦੇ ਮਾਮਲੇ ਨੂੰ ਲੈ ਕੇ ਈ ਆਟੋ ਰਿਕਸ਼ਾ ਚਾਲਕਾਂ ਦੇ ਦੋ ਗੁੱਟ ਆਪਸ ’ਚ ਭਿੜ ਪਏ। ਇਨ੍ਹਾਂ ਵਿਚੋਂ ਇੱਕ ਆਟੋ ਰਿਕਸ਼ਾ ਦੇ ਚਾਲਕ ਤਿੰਨ ਜਣੇ ਨਿਹੰਗ ਸਿੰਘਾਂ ਦੇ ਬਾਣੇ ’ਚ ਸਨ। ਜਿਨ੍ਹਾਂ ਵੱਲੋਂ ਕਿਰਪਾਨ ਨਾਲ਼ ਕੀਤੇ ਗਏ ਹਮਲੇ ਵਿੱਚ ਦੂਜੀ ਧਿਰ ਦੇ ਦੋ ਜਣਿਆਂ ਸਮੇਤ ਇੱਕ ਥਾਣੇਦਾਰ ਵੀ ਜ਼ਖਮੀ ਹੋ ਗਿਆ। ਇੱਕ ਨਿਹੰਗ ਸਿੰਘ ਨੇ ਤਾਂ ਥਾਣਾ ਸਿਵਲ ਲਾਈਨ ਦੇ ਐਸਐੱਚਓ ਗੁਰਪ੍ਰੀਤ ਸਿੰਘ ਭਿੰਡਰ ਅਤੇ ਉਸ ਦੇ ਨਾਲ ਮੌਜੂਦ ਪੁਲੀਸ ਟੀਮ ’ਤੇ ਵੀ ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਇਨ੍ਹਾਂ ਤਿੰਨਾਂ ਨਿਹੰਗ ਸਿੰਘਾਂ ਦੇ ਖਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਵੇਂ ਪੁਲੀਸ ਦੀ ਮੁਕੰਮਲ ਜਾਂਚ ਹੋਣੀ ਅਜੇ ਬਾਕੀ ਹੈ, ਪਰ ਮੁਢਲੀ ਪੁਲੀਸ ਤਫਤੀਸ਼ ਮੁਤਾਬਿਕ ਇਥੇ ਲੀਲਾ ਭਵਨ ਚੌਕ ਖੇਤਰ ਵਿਚ ਨਰਦੇਵ ਸਿੰਘ ਅਤੇ ਕੁਲਦੀਪ ਸਿੰਘ ਜਦੋਂ ਆਪਣੇ ਆਟੋ ਰਿਕਸ਼ਿਆਂ ’ਚ ਸਵਾਰੀਆਂ ਬਿਠਾ ਰਹੇ ਸਨ, ਤਾਂ ਪਿੱਛੋ ਆਏ ਇੱਕ ਹੋਰ ਆਟੋ ਰਿਕਸ਼ਾ ਚਾਲਕ ਨੇ ਸਵਾਰੀਆਂ ਉਤਾਰ ਕੇ ਆਪਣੇ ਰਿਕਸ਼ਾ ’ਚ ਬਿਠਾ ਲਈਆਂ। ਨਰਦੇਵ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਯੂਨੀਅਨ ਹੋਣ ਕਾਰਨ ਵਾਰੀ ਆਉਣ ’ਤੇ ਹੀ ਸਵਾਰੀਆਂ ਬਿਠਾਉਣੀਆਂ ਪੈਦੀਆਂ ਹਨ। ਪਰ ਦੂਜੀ ਧਿਰ ਵਾਲ਼ੇ ਉਨ੍ਹਾਂ ਦੀ ਯੂਨੀਅਨ ਦੇ ਮੈਂਬਰ ਨਾ ਹੁੰਦਿਆਂ ਵੀ ਪਿੱਛੋਂ ਆ ਕੇ ਉਨ੍ਹਾਂ ਦੀਆਂ ਸਵਾਰੀਆਂ ਉਤਾਰ ਕੇ ਲੈ ਗਏ ਜਿਸ ਨੂੰ ਲੈ ਕੇ ਹੀ ਵਿਵਾਦ ਹੋਇਆ।
ਨਰਦੇਵ ਅਤੇ ਕੁਲਦੀਪ ਦਾ ਕਹਿਣਾ ਹੈ ਕਿ ਪਿਛੋਂ ਆਏ ਆਟੋ ਰਿਕਸ਼ਾ ’ਚ ਸਵਾਰ ਤਿੰਨੋ ਜਣੇ ਨਿਹੰਗ ਸਿੰਘਾਂ ਦੇ ਬਾਣੇ ’ਚ ਸਨ ਜਿਨ੍ਹਾਂ ਨੇ ਕਿਰਪਾਨ ਨਾਲ਼ ਉਨ੍ਹਾਂ ਦੋਵਾਂ ਨੂੰ ਜ਼ਖਮੀ ਕਰ ਦਿੱਤਾ। ਉੱਂਜ ਵਾਇਰਲ ਹੋਈ ਇੱਕ ਵੀਡੀਓ ’ਚ ਆਟੋ ਰਿਕਸ਼ਾ ਚਾਲਕ ਸਖਬੀਰ ਸਿੰਘ ਨਾਮ ਦਾ ਇੱਕ ਨਿਹੰਗ ਸਿੰਘ ਵੀ ਜ਼ਖਮੀ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਅਤੇ ਪੁਲੀਸ ਚੌਕੀ ਮਾਡਲ ਟਾਊਨ ਦੇ ਮੁਖੀ ਜੈਦੀਪ ਸ਼ਰਮਾ ਵੀ ਪੁਲੀਸ ਪਾਰਟੀ ਸਮੇਤ ਉਥੇ ਪੁੱਜ ਗੇ। ਨਿਹੰਗ ਸਿੰਘਾਂ ਨੇ ਇਨਸਾਫ਼ ਦੀ ਮੰਗ ਕੀਤੀ, ਤਾਂ ਪੁਲੀਸ ਦਾ ਕਹਿਣਾ ਸੀ ਕਿ ਵਧੀਕੀ ਹੋਈ ਹੈ, ਤਾਂ ਪੁਲੀਸ ਇਨਸਾਫ਼ ਜ਼ਰੂਰ ਦਿਵਾਏਗੀ। ਇਸ ਤਰਕ ਤਹਿਤ ਪੁਲੀਸ ਜਦੋਂ ਇਨ੍ਹਾਂ ਨੂੰ ਥਾਣੇ ਲਿਜਾਣ ਲੱਗੀ, ਤਾਂ ਅਜਿਹੀ ਕਾਰਵਾਈ ਨੂੰ ਧੱਕੇਸ਼ਾਹੀ ਦੱਸਦਿਆਂ, ਨਿਹੰਗ ਸਿੰਘਾਂ ਦੇ ਤੀਜੇ ਸਾਥੀ ਨੇ ਮਿਆਨ ਵਿਚੋਂ ਕਿਰਪਾਨ ਕੱਢ ਕੇ ਪੁਲੀਸ ’ਤੇ ਹਮਲੇ ਦੀ ਕੋਸਿਸ਼ ਕੀਤੀ।
ਕੀ ਕਹਿੰਦੇ ਨੇ ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਦਾ ਕਹਿਣਾ ਸੀ ਕਿ ਨਿਹੰਗ ਸਿੰਘਾਂ ਦੇ ਬਾਣੇ ’ਚ ਮੌਜੂਦ ਆਟੋ ਰਿਕਸ਼ਾ ਚਾਲਕਾਂ ਸੁਖਬੀਰ ਸਿੰਘ ਅਤੇ ਉਸ ਦੇ ਦੋ ਸਾਥੀਆਂ ਕੁਲਦੀਪ ਸਿੰਘ ਅਤੇ ਜੋਗਿੰਦਰ ਸਿੰਘ ਵੱਲੋਂ ਕਿਰਪਾਨਾ ਨਾਲ਼ ਕੀਤੇ ਹਮਲੇ ’ਚ ਆਟੋ ਰਿਕਸ਼ਾ ਯੂਨੀਅਨ ਦੇ ਨੁਮਾਇੰਦੇ ਨਰਦੇਵ ਸਿੰਘ ਅਤੇ ਕੁਲਦੀਪ ਸਿੰਘ ਸਮੇਤ ਏਐਸਆਈ ਜਸਵੀਰ ਸਿੰਘ ਵੀ ਜਖਮੀ ਹੋ ਗਿਆ।ਉਸ ਦੇ ਹੱਥ ’ਤੇ ਕਿਰਪਾਨ ਵੱਜੀ ਹੈ। ਉਨ੍ਹਾਂ ਦੱਸਿਆ ਕਿ ਉਕਤ ਤਿੰਨਾ ਜਣਿਆਂ ਦੇ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈੇ।