ਬਹਾਦਰ ਸਿੰਘ ਮਰਦਾਂਪੁਰ
ਘਨੌਰ, 23 ਜੁਲਾਈ
ਆਟੋ ਰਿਕਸ਼ਾ ਅਪਰੇਟਰਜ਼ ਯੂਨੀਅਨ ਸ਼ੰਭੂ ਵੱਲੋਂ ਪ੍ਰਾਈਵੇਟ ਬੱਸ ਅਪਰੇਟਰਾਂ ਖ਼ਿਲਾਫ਼ ਇੱਥੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਅੱਜ ਸ਼ੰਭੂ ਦੇ ਘਨੌਰ ਚੌਕ ਵਿੱਚ ਸੜਕੀ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਆਟੋ-ਰਿਕਸ਼ਾ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਅਮਰਿੰਦਰ ਸਿੰਘ, ਗੁਰਦੇਵ ਸਿੰਘ, ਮੋਹਨ ਸਿੰਘ, ਸਤਨਾਮ ਸਿੰਘ ਤੇ ਸੁਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਰਾਜਪੁਰਾ ਤੋਂ ਘਨੌਰ ਨੂੰ ਜਾਂਦੀ ਪ੍ਰਾਈਵੇਟ ਬੱਸ ਦੇ ਅਪਰੇਟਰਾਂ ਵੱਲੋਂ ਸ਼ੰਭੂ ਦੇ ਘਨੌਰ ਚੌਕ ਵਿੱਚ ਖੜ੍ਹਦੇ ਆਟੋ ਚਾਲਕਾਂ ਨੂੰ ਸਵਾਰੀ ਨਹੀਂ ਚੁੱਕਣ ਦਿੱਤੀ ਜਾਂਦੀ। ਕੱਲ੍ਹ ਜਦੋਂ ਆਟੋ ਚਾਲਕ ਸੁਰਿੰਦਰ ਸਿੰਘ ਸੰਧਾਰਸੀ ਸ਼ੰਭੂ ਨੇੜਲੀ ਵਰਧਮਾਨ ਫੈਕਟਰੀ ਤੋਂ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਹਰਪਾਲਪੁਰ ਹਸਪਤਾਲ ਵਿੱਚ ਕਰੋਨਾਵਾਇਰਸ ਦੇ ਟੀਕੇ ਲਗਾਉਣ ਜਾ ਰਿਹਾ ਸੀ ਤਾਂ ਬੀਰ ਬੱਸ ਦੇ ਚਾਲਕ ਅਤੇ ਕੰਡਕਟਰ ਵੱਲੋਂ ਉਸ ਨੂੰ ਰਸਤੇ ਵਿੱਚ ਘੇਰ ਕੇ ਕੁੱਟਮਾਰ ਕੀਤੀ। ਜਦੋਂ ਉਹ ਇਹ ਮਾਮਲਾ ਲੈ ਕੇ ਥਾਣਾ ਸ਼ੰਭੂ ਪੁੱਜੇ ਤਾਂ ਹਮਲਾਵਰ ਬੱਸ ਅਪਰੇਟਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਹ ਮੰਗ ਕਰ ਰਹੇ ਸਨ ਕਿ ਆਟੋ ਰਿਕਸ਼ਾ ਚਾਲਕ ਦੀ ਕੁੱਟਮਾਰ ਕਰਨ ਵਾਲੇ ਬੱਸ ਅਪਰੇਟਰਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਸ਼ੰਭੂ ਦੇ ਸਹਾਇਕ ਥਾਣੇਦਾਰ ਮੁਹੰਮਦ ਨਸੀਮ ਅਤੇ ਬਲਕਾਰ ਸਿੰਘ ਵੱਲੋਂ ਆਟੋ ਰਿਕਸ਼ਾ ਚਾਲਕਾਂ ਨੂੰ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤੇ ਜਾਣ ’ਤੇ ਆਟੋ ਯੂਨੀਅਨ ਦੇ ਨੁਮਾਇੰਦਿਆਂ ਨੇ ਅਲਟੀਮੇਟਮ ਦੇ ਕੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।
ਬੱਸ ਦੇ ਮਾਲਕ ਨੇ ਦੋਸ਼ ਨਕਾਰੇ
ਪ੍ਰਾਈਵੇਟ ਬੱਸ ਦੇ ਮਾਲਕ ਹਰਜਿੰਦਰ ਸਿੰਘ ਲਾਲੀ ਨਾਗਰਾ ਨੇ ਆਟੋ ਚਾਲਕਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਬੱਸ ਰੂਟ ਦੇ ਸਾਰੇ ਪਿੰਡਾਂ ਵਿੱਚ ਆਟੋ ਯੂਨੀਅਨ ਨੇ ਆਪਣੇ ਕਈ ਕਈ ਟੈਂਪੂ ਖੜ੍ਹੇ ਕੀਤੇ ਹੋਏ ਹਨ ਜੋ ਉਨ੍ਹਾਂ ਦੀ ਬੱਸ ਨੂੰ ਕੋਈ ਸਵਾਰੀ ਨਹੀਂ ਚੁੱਕਣ ਦਿੰਦੇ। ਕੱਲ੍ਹ ਜਦੋਂ ਉਹਨਾਂ ਨੇ ਆਟੋ ਚਾਲਕਾਂ ਕੋਲ ਇਤਰਾਜ਼ ਦਾਇਰ ਕੀਤਾ ਤਾਂ ਆਟੋ ਚਾਲਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਦੀ ਬੱਸ ’ਤੇ ਹਮਲਾ ਕਰ ਦਿੱਤਾ। ਕਾਰਵਾਈ ਆਟੋ ਚਾਲਕਾਂ ਖ਼ਿਲਾਫ਼ ਹੋਣੀ ਚਾਹੀਦੀ ਹੈ।