ਖੇਤਰੀ ਪ੍ਰਤੀਨਿਧ
ਪਟਿਆਲਾ, 2 ਮਾਰਚ
ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਉਨ੍ਹਾਂ ਨਾਗਰਿਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਖੜ੍ਹਾ ਹੈ, ਜਿਹੜੇ ਕਿ ਜੰਗ ਦਾ ਮੈਦਾਨ ਬਣੇ ਦੇਸ਼ ਯੂਕਰੇਨ ’ਚ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਹੈਲਪਲਾਈਨ ’ਤੇ ਹੁਣ ਤੱਕ 37 ਵਿਦਿਆਰਥੀਆਂ ਤੇ ਹੋਰ ਨਾਗਰਿਕਾਂ ਦੇ ਵੇਰਵੇ ਹਾਸਲ ਹੋਏ ਹਨ, ਜਿਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਇਹ ਵੇਰਵੇ ਰਾਜ ਸਰਕਾਰ ਰਾਹੀਂ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸਾਂਝੇ ਕੀਤੇ ਗਏ ਹਨ। ਇਸੇ ਦੌਰਾਨ ਯੂਕਰੇਨ ’ਚ ਪੜ੍ਹ ਰਹੇ ਦੋ ਵਿਦਿਆਰਥੀਆਂ ਤੇ ਇੱਕ ਨੌਕਰੀਪੇਸ਼ਾ ਨਾਗਰਿਕ ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ਪਟਿਆਲਾ ਦੇ ਐੱਸਡੀਐੱਮ ਚਰਨਜੀਤ ਸਿੰਘ ਨੇ ਵੀ ਮੁਲਾਕਾਤ ਕੀਤੀ। ਐੱਸਡੀਐੱਮ ਨੇ ਦੱਸਿਆ ਕਿ ਵਿਦਿਆਰਥੀ ਗੌਰਵ ਗੁਪਤਾ ਅਤੇ ਫ਼ਤਹਿਵੀਰ ਸਿੰਘ ਖਾਰਕੀਵ ਸ਼ਹਿਰ ਛੱਡ ਚੁੱਕੇ ਹਨ ਜਦਕਿ ਲਕਸ਼ਮੀ ਮਿੱਤਲ ਗਰੁਪ ’ਚ ਨੌਕਰੀ ਕਰਦਾ ਬਿਕਰਮਜੀਤ ਸਿੰਘ ਵੀ ਆਪਣੇ ਦੋਸਤਾਂ ਨਾਲ ਸੁਰੱਖਿਅਤ ਥਾਂ ਵੱਲ ਰਵਾਨਾ ਹੋ ਚੁੱਕਾ ਹੈ। ਉਹ ਲਗਾਤਾਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਰ ਰਹੇ ਹਨ।
ਡੀਸੀ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਭਾ ਦਾ ਇਕ ਵਿਦਿਆਰਥੀ ਭਾਰਤੀ ਸਿੰਘ ਸੁਰੱਖਿਅਤ ਵਾਪਸ ਪਰਤ ਚੁੱਕਾ ਹੈ ਜਦੋਂਕਿ ਦੂਜਾ ਵਿਦਿਆਰਥੀ ਸਤਪਾਲ ਪੋਲੈਂਡ ਪੁੱਜ ਗਿਆ ਹੈ। ਘਨੌਰ ਦੇ ਪਿੰਡ ਉਲਾਣਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਸਮੇਤ ਹੋਰ ਵਿਦਿਆਰਥੀਆਂ ਅਤੇ ਹੋਰ ਕੰਮਾਂ ਲਈ ਯੂਕਰੇਨ ਗਏ ਨਾਗਰਿਕਾਂ ਦੇ ਘਰਾਂ ’ਚ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਅਧਿਕਾਰੀਆਂ ਨੇ ਮੁਲਾਕਾਤ ਕੀਤੀ। ਡੀਸੀ ਸੰਦੀਪ ਹੰਸ ਨੇ ਦੱਸਿਆ ਕਿ ਯੂਕਰੇਨ ਵਿੱਚ ਫਸੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਤੇ ਹੋਰ ਨਾਗਰਿਕਾਂ ਬਾਰੇ ਜਾਣਕਾਰੀ ਹੈਲਪਲਾਈਨ ਨੰਬਰ 62843-57500 ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਈਮੇਲ madcptl1180gmail.com ’ਤੇ ਵੀ ਸਾਂਝੀ ਕੀਤੀ ਜਾ ਸਕਦੀ ਹੈ।