ਖੇਤਰੀ ਪ੍ਰਤੀਨਿਧ
ਪਟਿਆਲਾ, 8 ਅਕਤੂਬਰ
ਕਿਰਪਾਨ ਨਾਲ ਲੈਸ ਇੱਕ ਮਨਚਲੇ ਨੇ ਇੱਥੋਂ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਇੱਕ ਵਿਦਿਆਰਥਣ ’ਤੇ ਉਸ ਦੇ ਸਕੂਲ ਦੇ ਅੰਦਰ ਵੜ ਕੇ ਕਿਰਪਾਨ ਨਾਲ ਉਸ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸ ਦੌਰਾਨ ਬਚਾਅ ਕਰਨ ਲਈ ਵਿਦਿਆਰਥਣ ਨੇ ਜਦੋਂ ਹੱਥ ਅੱਗੇ ਕੀਤਾ ਤਾਂ ਕਿਰਪਾਨ ਦਾ ਟੱਕ ਵੱਜਣ ਕਾਰਨ ਉਸ ਦੀਆਂ ਉਂਗ਼ਲਾਂ ’ਤੇ ਡੂੰਘਾ ਜ਼ਖਮ ਹੋ ਗਿਆ ਜਿਸ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਇਸ ਨੌਜਵਾਨ ਦੇ ਖਿਲਾਫ਼ ਧਾਰਾ 354, 341, 323, 324,307 ਤੇ 506 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਥਾਣਾ ਮੁਖੀ ਜਸਪ੍ਰ੍ੀਤ ਸਿੰਘ ਕਾਹਲੋਂ ਤੋਂ ਮਿਲੇ ਵੇਰਵਿਆਂ ਮੁਤਾਬਕ ਮੁਲਜ਼ਮ ਦੀ ਪਛਾਣ ਰਾਘਵ ਸ਼ਰਮਾ ਵਜੋਂ ਹੋਈ ਹੈ।
ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ
ਪਟਿਆਲਾ: ਸ਼ਹਿਰ ਦੇ ਵਸਨੀਕ ਸ਼ਾਮ ਲਾਲ ਪੁੱਤਰ ਹੀਰਾ ਲਾਲ ’ਤੇ ਕੁਝ ਵਿਅਕਤੀਆਂ ਨੇ ਉਸ ਵੇਲ਼ੇ ਹਮਲਾ ਕਰ ਦਿੱਤਾ ਜਦੋਂ ਉਹ ਆਪਣੀ ਪਤਨੀ ਨਾਲ ਜਾ ਰਿਹਾ ਸੀ। ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਪੀੜਤ ਨੇ ਦੱਸਿਆ ਕਿ ਉਹ ਜਦੋਂ ਆਪਣੀ ਪਤਨੀ ਸਮੇਤ ਗਲੀ ਵਿੱਚ ਜਾ ਰਿਹਾ ਸੀ ਤਾਂ ਸਲਮਾ, ਮੋਨਾ, ਸਾਜੂ, ਕਾਕਾ, ਨੂਦ, ਸਾਹਿਲ ਤੇ ਸੋਨੀ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਨੀਯਤ ਨਾਲ ਉਸ ਦਾ ਗਲਾ ਘੋਟਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਮਗਰੋਂ ਉਹ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਕੋਤਵਾਲੀ ਪਟਿਆਲਾ ਵਿੱਚ ਇਨ੍ਹਾਂ ਮੁਲਜ਼ਮਾਂ ਖਿਲਾਫ਼ ਇਰਾਦਾ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। -ਖੇਤਰੀ ਪ੍ਰਤੀਨਿਧ